ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਨਿਰਧਾਰਤ ਸ਼੍ਰੇਣੀ ਵਿੱਚ ਜ਼ਿਆਦਾ ਭਾਰ ਹੋਣ ਕਾਰਨ ਪੈਰਿਸ ਓਲੰਪਿਕ ਤੋਂ ਬਾਹਰ ਹੋਣਾ ਪਿਆ। ਵਿਨੇਸ਼ ਦਾ ਭਾਰ 50 ਕਿਲੋਗ੍ਰਾਮ ਵਰਗ ਤੋਂ ਲਗਭਗ 100 ਗ੍ਰਾਮ ਜ਼ਿਆਦਾ ਸੀ। ਇਸ ਤੋਂ ਬਾਅਦ ਉਸ ਨੂੰ ਓਲੰਪਿਕ ਮਹਿਲਾ ਕੁਸ਼ਤੀ ਤੋਂ ਅਯੋਗ ਕਰਾਰ ਦਿੱਤਾ ਗਿਆ। ਇਹ ਫੈਸਲਾ ਸੁਣ ਦੇ ਹੀ ਵਿਨੇਸ਼ ਫੋਗਾਟ ਦੀ ਸਿਹਤ ਵਿਗੜ ਗਈ ਹੈ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਵਾਨ ਵਿਨੇਸ਼ ਨੇ ਆਪਣੇ ਵਾਲ ਅਤੇ ਨਹੁੰ ਵੀ ਕੱਟ ਦਿੱਤੇ ਸਨ। ਇਸ ਦੇ ਬਾਵਜੂਦ ਉਸ ਦਾ ਭਾਰ ਘੱਟ ਨਹੀਂ ਹੋ ਸਕਿਆ। ਭਾਰਤੀ ਟੀਮ ਨੇ ਵਿਨੇਸ਼ ਨੂੰ ਕੁਝ ਹੋਰ ਸਮਾਂ ਦੇਣ ਦੀ ਮੰਗ ਕੀਤੀ ਸੀ, ਪਰ ਉਨ੍ਹਾਂ ਦੀ ਮੰਗ ਨਹੀਂ ਸੁਣੀ ਗਈ।
ਵਿਨੇਸ਼ ਮੰਗਲਵਾਰ ਨੂੰ 3 ਮੈਚ ਜਿੱਤ ਕੇ 50 ਕਿਲੋ ਕੁਸ਼ਤੀ ਓਲੰਪਿਕ ਦੇ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ। ਉਸ ਨੇ ਅੱਜ ਰਾਤ ਕਰੀਬ 10 ਵਜੇ ਸੋਨ ਤਗਮੇ ਲਈ ਅਮਰੀਕੀ ਪਹਿਲਵਾਨ ਸਾਰਾਹ ਐਨ ਹਿਲਡਰਬ੍ਰਾਂਟ ਨਾਲ ਮੁਕਾਬਲਾ ਕਰਨਾ ਸੀ।