ਲੁਧਿਆਣਾ, 5 ਅਗਸਤ : ਮਾਨਸੂਨ ਦੇ ਸਰਗਰਮ ਹੋਣ ਤੋਂ ਬਾਅਦ ਪਹਾੜਾਂ ‘ਚ ਭਾਰੀ ਬਾਰਿਸ਼ ਨਾਲ ਪਾਣੀ ਪਾਣੀ ਹੋ ਗਿਆ, ਦੂਸਰੇ ਪਾਸੇ ਮੈਦਾਨੀ ਇਲਾਕਿਆਂ ‘ਚ ਮਾਨਸੂਨ ਦੇ ਸਰਗਰਮ ਹੋਣ ਦੇ ਬਾਵਜੂਦ ਲੋਕ ਹੁੰਮਸ ਭਰੀ ਗਰਮੀ ਤੋਂ ਪ੍ਰੇਸ਼ਾਨ ਹਨ।
ਪੰਜਾਬ ਵਿੱਚ 1 ਅਗਸਤ ਤੋਂ ਬਾਅਦ ਅੱਜ ਤੱਕ ਕੋਈ ਚੰਗੀ ਬਾਰਿਸ਼ ਨਹੀਂ ਹੋਈ ਹੈ। ਜਿਸ ਕਾਰਨ ਤਾਪਮਾਨ ਫਿਰ ਵਧਣਾ ਸ਼ੁਰੂ ਹੋ ਗਿਆ ਹੈ। ਬੰਗਾਲ ਦੀ ਖਾੜੀ ‘ਚ ਬਣਿਆ ਦਬਾਅ ਪੂਰੇ ਉੱਤਰੀ ਭਾਰਤ ਦੇ ਮਾਨਸੂਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਦਬਾਅ ਕਾਰਨ ਨਮੀ ਵਾਲੀਆਂ ਹਵਾਵਾਂ ਪੰਜਾਬ ਵੱਲ ਵਧਣ ਦੇ ਸਮਰੱਥ ਨਹੀਂ ਹਨ। ਜਿਸ ਕਾਰਨ ਮੌਸਮ ਵਿਭਾਗ ਵੱਲੋਂ 6-7 ਅਗਸਤ ਨੂੰ ਜਾਰੀ ਕੀਤਾ ਗਿਆ ਯੈਲੋ ਅਲਰਟ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਹੁਣ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 7 ਅਗਸਤ ਨੂੰ ਪੰਜਾਬ ‘ਚ ਬਾਰਿਸ਼ ਹੋਵੇਗੀ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
ਉਧਰ ਪਹਾੜੀ ਇਲਾਕਿਆਂ ਹਿਮਾਚਲ ਅਤੇ ਉੱਤਰਾਖੰਡ ‘ਚ ਮਾਨਸੂਨ ਦੀ ਕਿਰਪਾ ਨਾਲ ਭਾਰੀ ਮੀਂਹ ਪੈਣ ਨਾਲ ਹੁਣ ਤੱਕ ਕੁੱਲ 2400 ਸੜਕਾਂ ਅਤੇ 25 ਪੁਲ ਪ੍ਰਭਾਵਿਤ ਹੋਏ ਹਨ। ਇਸ ਕਾਰਨ ਸੂਬਾ ਸਰਕਾਰ ਨੂੰ 100 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਪੰਜ ਪੁਲ ਇਸ ਬਾਰਿਸ਼ ਦੇ ਪਾਣੀ ਨਾਲ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ, ਜਿਨ੍ਹਾਂ ਦੇ ਨਿਰਮਾਣ ਲਈ 25 ਕਰੋੜ ਰੁਪਏ ਦਾ ਬਜਟ ਮੰਗਿਆ ਗਿਆ ਹੈ। ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜਨੀਅਰ ਡੀ.ਕੇ.ਯਾਦਵ ਨੇ ਦੱਸਿਆ ਕਿ ਹੁਣ ਤੱਕ ਸੂਬੇ ਦੀਆਂ ਸੜਕਾਂ ’ਤੇ 100 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮਾਨਸੂਨ ਦਾ ਸੀਜ਼ਨ ਖਤਮ ਹੋਣ ਤੋਂ ਬਾਅਦ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜੀ ਜਾਵੇਗੀ।
ਪਿਛਲੇ ਸਾਲ ਰਾਜ ਵਿੱਚ ਮੀਂਹ ਕਾਰਨ ਸੜਕਾਂ ਅਤੇ ਪੁਲਾਂ ਦਾ 450 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਸੀ। ਇਸ ਵਿੱਚੋਂ ਕੁਝ ਰਾਸ਼ੀ ਕੇਂਦਰ ਸਰਕਾਰ ਤੋਂ ਆਫ਼ਤ ਰਾਹਤ ਰਾਸ਼ੀ ਵਜੋਂ ਪ੍ਰਾਪਤ ਹੋਈ ਸੀ ਪਰ ਬਾਕੀ ਸੜਕਾਂ ਦੀ ਮੁਰੰਮਤ ਸਰਕਾਰ ਨੂੰ ਆਪਣੇ ਬਜਟ ਵਿੱਚੋਂ ਕਰਨੀ ਪਈ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਰ ਸਾਲ ਬਰਸਾਤ ਕਾਰਨ ਵੱਡੀ ਗਿਣਤੀ ਸੜਕਾਂ ਪ੍ਰਭਾਵਿਤ ਹੋ ਰਹੀਆਂ ਹਨ। ਇਸ ਨਾਲ ਨਵੇਂ ਨਿਰਮਾਣ ਕਾਰਜਾਂ ‘ਤੇ ਵੀ ਅਸਰ ਪੈਂਦਾ ਹੈ। ਸੂਬੇ ਵਿੱਚ ਮੀਂਹ ਕਾਰਨ ਸੜਕਾਂ ਦੇ ਬੰਦ ਹੋਣ ਦਾ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਇਸ ਕਾਰਨ ਪਹਾੜੀ ਖੇਤਰਾਂ ਵਿੱਚ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।