ਪਰਲਜ਼ ਗਰੁੱਪ ਦੇ ਸੰਸਥਾਪਕ ਨਿਰਮਲ ਸਿੰਘ ਭੰਗੂ ਦਾ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ। ਤਿਹਾੜ ਜੇਲ੍ਹ ਵਿੱਚ ਭੰਗੂ ਦੀ ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਪੱਛਮੀ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਅਤੇ ਸੀਬੀਆਈ ਵੱਲੋਂ ਇਸ ਦੀ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ।ਦੱਸ ਦੇਈਏ ਕਿ ਭੰਗੂ ਨੂੰ ਸੀਬੀਆਈ ਨੇ 45,000 ਕਰੋੜ ਰੁਪਏ ਦੇ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਨਾਲ ਕਰੀਬ 5 ਕਰੋੜ ਰੁਪਏ ਦਾ ਨਿਵੇਸ਼ ਪ੍ਰਭਾਵਿਤ ਹੋਇਆ ਹੈ। ਭੰਗੂ ਅਤੇ ਤਿੰਨ ਹੋਰਾਂ ਨੂੰ ਸੀਬੀਆਈ ਨੇ ਜਨਵਰੀ 2016 ਵਿੱਚ ਪੰਜ ਕਰੋੜ ਨਿਵੇਸ਼ਕਾਂ ਨੂੰ 45,000 ਕਰੋੜ ਰੁਪਏ ਦੇ ਮੁਨਾਫ਼ੇ ਵਾਲੇ ਜ਼ਮੀਨੀ ਸੌਦਿਆਂ ਰਾਹੀਂ ਧੋਖਾਧੜੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਪਰਲਜ਼ ਗਰੁੱਪ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ, ਤਾਂ ਜੋ ਅਰਬਾਂ ਰੁਪਏ ਦੇ ਇਸ ਚਿੱਟ ਫੰਡ ਘੁਟਾਲੇ ਵਿੱਚ ਫਸੇ ਲੋਕਾਂ ਦਾ ਪੈਸਾ ਵਾਪਸ ਕੀਤਾ ਜਾ ਸਕੇ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਰਲਜ਼ ਗਰੁੱਪ ਦੀਆਂ ਜਾਇਦਾਦਾਂ ਦੀ ਪਛਾਣ ਕੀਤੀ ਗਈ ਹੈ ਅਤੇ ਇਨ੍ਹਾਂ ਜਾਇਦਾਦਾਂ ਨੂੰ ਵੇਚਣ ਦੀ ਕਾਨੂੰਨੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬ ਦੇ ਬਰਨਾਲਾ ਦਾ ਰਹਿਣ ਵਾਲਾ ਨਿਰਮਲ ਸਿੰਘ ਭੰਗੂ ਪਹਿਲਾਂ ਸਾਈਕਲ ‘ਤੇ ਦੁੱਧ ਵੇਚਦਾ ਸੀ। 70 ਦੇ ਦਹਾਕੇ ਵਿਚ ਉਹ ਨੌਕਰੀ ਲਈ ਕਲਕੱਤੇ ਚਲੇ ਗਏ। ਇੱਥੇ ਉਸਨੇ ਪੀਅਰਲੈਸ ਕੰਪਨੀ ਵਿੱਚ ਕੁਝ ਸਾਲ ਕੰਮ ਕੀਤਾ। ਇਸ ਤੋਂ ਬਾਅਦ ਉਸ ਨੇ ਹਰਿਆਣਾ ਦੀ ਫਰਾਡ ਕੰਪਨੀ ਗੋਲਡਨ ਫਾਰੈਸਟ ਇੰਡੀਆ ਲਿਮਟਿਡ ‘ਚ ਕੰਮ ਕੀਤਾ। ਕੰਪਨੀ ਦੇ ਬੰਦ ਹੋਣ ਤੋਂ ਬਾਅਦ ਜਦੋਂ ਉਹ ਬੇਰੁਜ਼ਗਾਰ ਹੋ ਗਿਆ ਤਾਂ ਉਸਨੇ ਵੀ ਕੰਪਨੀ ਦੀ ਪਹੁੰਚ ਅਪਣਾਈ ਅਤੇ 1980 ਵਿੱਚ ਪਰਲਜ਼ ਗੋਲਡਨ ਫੋਰੈਸਟ ਨਾਮ ਦੀ ਕੰਪਨੀ ਬਣਾਈ।