ਪਟਿਆਲਾ/ਨਾਭਾ, 26 ਜੁਲਾਈ: ਅੱਜ ਪਟਿਆਲਾ ਪੁਲਿਸ ਨੇ ਜੇਲ੍ਹ ਵਿਭਾਗ ਨਾਲ ਮਿਲਕੇ ਕੇਂਦਰੀ ਜੇਲ੍ਹ ਪਟਿਆਲਾ ਅਤੇ ਨਵੀਂ ਜੇਲ੍ਹ ਨਾਭਾ ਦਾ ਅਚਨਚੇਤ ਨਿਰੀਖਣ ਕੀਤਾ। ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਅਗਸਤ ਮਹੀਨੇ ਆ ਰਹੇ ਆਜ਼ਾਦੀ ਦਿਹਾੜੇ ਅਤੇ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਐਸ.ਪੀ. ਸਿਟੀ ਮੁਹੰਮਦ ਸਰਫ਼ਰਾਜ ਆਲਮ ਦੀ ਨਿਗਰਾਨੀ ਹੇਠ ਪਟਿਆਲਾ ਪੁਲਿਸ ਦੇ ਕਰੀਬ 250 ਮੁਲਾਜਮਾਂ ਤੋਂ ਇਲਾਵਾ ਜੇਲ੍ਹ ਮੁਲਾਜਮਾਂ ਦੀ ਸਾਂਝੀ ਮਸ਼ਕ ਕਰਕੇ ਬਹੁਤ ਹੀ ਬਾਰੀਕੀ ਨਾਲ ਦੋਵਾਂ ਜੇਲ੍ਹਾਂ ਦਾ ਨਿਰੀਖਣ ਕੀਤਾ।
ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਪਿਛਲੀ ਵਾਰ ਕੀਤੀ ਗਈ ਚੈਕਿੰਗ ਦੌਰਾਨ ਬਹੁਤ ਛੋਟੇ-ਛੋਟੇ ਮੁਬਾਇਲ ਬਰਾਮਦ ਹੋਏ ਸਨ, ਜਿਸ ਲਈ ਇਸ ਵਾਰ ਪੁਲਿਸ ਟੀਮਾਂ ਨੂੰ ਇਹ ਚੈਕਿੰਗ ਇਸ ਲਿਹਾਜ ਨਾਲ ਕਰਨ ਦੀ ਹਦਾਇਤ ਸੀ ਕਿ ਅਜਿਹੇ ਛੋਟੇ ਮੁਬਾਇਲ ਵੀ ਬਰਾਮਦ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਇਸ ਚੈਕਿੰਗ ਦਾ ਮਕਸਦ ਹੈ ਕਿ ਜੇਲ੍ਹਾਂ ਵਿੱਚ ਮਾੜੇ ਅਨਸਰਾਂ ਨੂੰ ਇਹ ਸਖ਼ਤ ਸੁਨੇਹਾ ਦਿੱਤਾ ਜਾਵੇ ਕਿ ਪੁਲਿਸ ਪੂਰੀ ਮੁਸਤੈਦ ਹੈ ਅਤੇ ਉਨ੍ਹਾਂ ਦੀ ਹਰੇਕ ਗਤੀਵਿਧੀ ਉਪਰ ਪੂਰੀ ਨਜ਼ਰ ਰੱਖੀ ਜਾ ਰਹੀ ਹੈ।
ਇਸੇ ਦੌਰਾਨ ਐਸ.ਪੀ. ਸਰਫ਼ਰਾਜ ਆਲਮ ਨੇ ਦੱਸਿਆ ਕਿ ਡੀ.ਜੀ.ਪੀ. ਗੌਰਵ ਯਾਦਵ, ਏ.ਡੀ.ਜੀ.ਪੀ. ਜੇਲ੍ਹਾਂ ਅਰੁਣਪਾਲ ਸਿੰਘ, ਡੀ.ਆਈ.ਜੀ. ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਤੇ ਐਸ.ਐਸ.ਪੀ. ਵਰੁਣ ਸ਼ਰਮਾ ਦੇ ਆਦੇਸ਼ਾਂ ਤਹਿਤ ਅੱਜ ਦੀ ਇਹ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਅਤੇ ਨਾਭਾ ਜੇਲ ਦੇ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਦੇ ਸਹਿਯੋਗ ਨਾਲ ਹਰੇਕ ਬੈਰਕ ਦੀ ਪੂਰੀ ਬਾਰੀਕੀ ਨਾਲ ਇਹ ਚੈਕਿੰਗ ਕੀਤੀ ਗਈ, ਜਿਸ ਦੌਰਾਨ ਕੋਈ ਇਤਰਾਜਯੋਗ ਵਸਤੂ ਬਰਾਮਦ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅਜਿਹੀ ਚੈਕਿੰਗ ਭਵਿੱਖ ਵਿੱਚ ਵੀ ਕੀਤੀ ਜਾਵੇਗੀ।