ਲੁਧਿਆਣਾ, 25 ਅਗਸਤ : ਸੱਤਾ ਵਿਚ ਆਉਣ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾਵੇਗੀ, ਕਿਉਂਕਿ ਮਾਈਨਿੰਗ ਤੋਂ ਹੀ ਸਾਲਾਨਾ 20 ਹਜ਼ਾਰ ਕਰੋੜ ਦਾ ਮਾਲੀਆ ਸਰਕਾਰ ਨੂੰ ਮਿਲ ਜਾਵੇਗਾ । ਮਾਈਨਿੰਗ ਤੋਂ 20 ਹਜ਼ਾਰ ਕਰੋੜ ਤਾਂ ਨਹੀਂ ਆਇਆ ਹੈ ਪਰ ਪਿਛਲੇ ਪੌਣੇ ਤਿੰਨ ਸਾਲਾਂ ਵਿਚ ਪੰਜਾਬ ਦੇ ਲੋਕਾਂ ‘ਤੇ ਮਹਿੰਗੇ ਕੀਤੇ ਗਏ ਬਿਜਲੀ, ਪੈਟਰੋਲ-ਡੀਜ਼ਲ ਤੋਂ ਇਲਾਵਾ ਕਲੈਕਟਰ ਰੇਟ ਤੇ ਗਰੀਨ ਟੈਕਸ ਸਮੇਤ ਟੈਕਸਾਂ ਦੀ ਰਕਮ ਹਜ਼ਾਰਾਂ ਕਰੋੜ ਤੱਕ ਜ਼ਰੂਰ ਪੁੱਜ ਗਈ ਹੈ । ਇਹ ਸ਼ਬਦ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਆਪ ਸਰਕਾਰ ਦੀ ਕਾਰਗੁਜਾਰੀ ਉਤੇ ਸਵਾਲ ਉਠਾਦੀਆਂ ਕਹੇ। ਬੈਂਸ ਨੇ ਅੱਗੇ ਕਿਹਾ ਕਿ ਉਸ ਵੇਲੇ ਲੋਕਾਂ ਵਿਚ ਇਸ ਗੱਲ ਦੀ ਭਾਰੀ ਖ਼ੁਸ਼ੀ ਸੀ ਕਿ ਉਨ੍ਹਾਂ ਨੂੰ ਮੁਫ਼ਤ ਬਿਜਲੀ ਮਿਲਣ ਜਾ ਰਹੀ ਹੈ ਪਰ ਰਾਜ ਵਿਚ ਲੋਕਾਂ ਨੂੰ ਮੁਫ਼ਤ ਬਿਜਲੀ ਕਿਸ ਤਰ੍ਹਾਂ ਨਾਲ ਮਿਲ ਰਹੀ ਹੈ, ਇਹ ਤਾਂ ਕਿਸੇ ਤੋਂ ਛੁਪਿਆ ਨਹੀਂ,ਇਹ ਗੱਲ ਵੱਖ ਹੈ ਕਿ ਲੋਕਾਂ ਨੂੰ ਗਰਮੀਆਂ ਅਤੇ ਝੋਨੇ ਦੇ ਸੀਜ਼ਨ ਵਿਚ ਕਿਸ ਤਰ੍ਹਾਂ ਨਾਲ ਬਿਜਲੀ ਮਿਲਦੀ ਰਹਿ ਹੈ ਅਤੇ ਲੋਕਾਂ ਨੂੰ ਪੂਰੀ ਬਿਜਲੀ ਦੇਣ ਦੀ ਜਗ੍ਹਾ ਅਤੇ ਮਹਿੰਗੀ ਬਿਜਲੀ ਦੀ ਖ਼ਰੀਦ ਤੋਂ ਬਚਣ ਲਈ ਬਿਜਲੀ ਦੇ ਲੰਬੇ-ਲੰਬੇ ਕੱਟ ਲੱਗਦੇ ਰਹੇ ਹਨ ਬੈਂਸ ਨੇ ਕਿਹਾ ਸੂਬੇ ਦੇ ਲੋਕਾਂ ‘ਤੇ ਪਿਛਲੇ ਪੌਣੇ ਤਿੰਨ ਸਾਲਾਂ ਵਿਚ ਹੀ ਹਜ਼ਾਰਾਂ ਕਰੋੜ ਰੁਪਏ ਦਾ ਭਾਰ ਪੈ ਚੁੱਕਾ ਹੈ, ਜਦੋਂਕਿ ਕਲੈਕਟਰ ਰੇਟਾਂ, ਗਰੀਨ ਟੈਕਸ ਸਮੇਤ ‘ਆਪ’ ਸਰਕਾਰ ਵਲੋਂ ਲੋਕਾਂ ‘ਤੇ ਕਰੀਬ 1600 ਕਰੋੜ ਦਾ ਹੋਰ ਭਾਰ ਪਾ ਦਿੱਤਾ ਗਿਆ ਹੈ।
ਜੋ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ | ਸਾਲ 2023-24 ਵਿਚ ਬਿਜਲੀ ਮਹਿੰਗੀ ਕਰਨ ਨਾਲ ਦੋ ਮਹੀਨੇ ਦੀ 600 ਯੂਨਿਟਾਂ ਤੋਂ ਜ਼ਿਆਦਾ ਬਿਜਲੀ ਦੀ ਖਪਤ ਕਰਨ ਵਾਲੇ ਖਪਤਕਾਰਾਂ ਤੋਂ ਇਲਾਵਾ ਵਪਾਰਕ ਵਰਗ ਅਤੇ ਇੰਡਸਟਰੀ ਦੀ ਬਿਜਲੀ ਮਹਿੰਗੀ ਕਰਕੇ ਕਰੀਬ 3600 ਕਰੋੜ ਦਾ ਭਾਰ ਪਾਇਆ ਗਿਆ ਸੀ ਤਾਂ ਹੁਣ ਕੁਝ ਸਮਾਂ ਪਹਿਲਾਂ ਹੀ ਸਾਲ 2024-25 ਦੀ ਬਿਜਲੀ ਮਹਿੰਗੀ ਕਰਕੇ ਕਰੀਬ 4000 ਕਰੋੜ ਦਾ ਭਾਰ ਪਾਇਆ ਗਿਆ ਹੈ | ‘ਆਪ’ ਸਰਕਾਰ ਵਲੋਂ ਪੌਣੇ ਤਿੰਨ ਸਾਲਾਂ ਵਿਚ ਦੋ ਵਾਰ ਬਿਜਲੀ, ਪੈਟਰੋਲ ਅਤੇ ਡੀਜ਼ਲ ਪਹਿਲਾਂ ਹੀ ਮਹਿੰਗਾ ਕੀਤਾ ਜਾ ਚੁੱਕਾ ਹੈ |
ਇਕ ਵਾਰ ਦੇ ਪੈਟਰੋਲ ਡੀਜ਼ਲ ਮਹਿੰਗਾ ਹੋਣ ਨਾਲ ਸੂਬੇ ਦੇ ਲੋਕਾਂ ‘ਤੇ ਸਾਲਾਨਾ 500 ਤੋਂ 600 ਕਰੋੜ ਦਾ ਭਾਰ ਪੈ ਜਾਂਦਾ ਹੈ | ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਣ ਤੋਂ ਬਾਅਦ ‘ਆਪ’ ਸਰਕਾਰ ਨੂੰ ਸਫ਼ਾਈ ਦੇਣੀ ਪਈ ਸੀ ਕਿ ਕੇਂਦਰ ਵਲੋਂ ਪੰਜਾਬ ਦੇ ਫ਼ੰਡ ਰੋਕਣ ਦੇ ਬਦਲੇ ਇਨ੍ਹਾਂ ਦੀਆਂ ਕੀਮਤਾਂ ਵਿਚ ਵਾਧਾ ਕਰਨਾ ਪਿਆ ਹੈ | ਜੇਕਰ ਕੇਂਦਰ ਤੋਂ ਫ਼ੰਡ ਨਾ ਮਿਲਣ ਕਰਕੇ ਪੈਟਰੋਲ ਅਤੇ ਡੀਜ਼ਲ ਮਹਿੰਗਾ ਕੀਤਾ ਗਿਆ ਸੀ ਤਾਂ ਫਿਰ ਕੇਂਦਰ ਤੋਂ ਫ਼ੰਡ ਮਿਲਣ ਨਾਲ ਪੈਟਰੋਲ ਅਤੇ ਡੀਜ਼ਲ ਦੁਬਾਰਾ ਸਸਤੇ ਕਰ ਦਿੱਤੇ ਜਾਣਗੇ | ਇਸ ਤਰ੍ਹਾਂ ਨਾਲ ਹੁਣ ਜ਼ਮੀਨਾਂ ਦੇ ਕਲੈਕਟਰ ਰੇਟਾਂ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ, ਜਿਸ ਨਾਲ ਰਾਜ ਸਰਕਾਰ ਨੂੰ ਵਾਧੂ 1500 ਕਰੋੜ ਰੁਪਏ ਆਏਗਾ ਅਤੇ ਗਰੀਨ ਟੈਕਸ ਲਾਗੂ ਹੋਣ ਨਾਲ ਸੂਬੇ ਨੂੰ 100 ਕਰੋੜ ਰੁਪਏ ਮਿਲਣ ਦੀ ਆਸ ਹੈ | ਹੁਣ ਵੀ ਨਵੇਂ ਟੈਕਸ ਲਗਾਉਣ ਦਾ ਕੰਮ ਲਗਾਤਾਰ ਜਾਰੀ ਹੈ |ਆਪ ਸਰਕਾਰ ਮੁਫਤ ਬਿਜਲੀ ਦੇਣ ਦੇ ਨਾਂ ਉਤੇ ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ।