ਸਲੇਮ ਟਾਬਰੀ ਵਿੱਚ ਗਰੀਨ ਬੈਲਟ ਅਤੇ ਸੜਕ ਦੇ ਹਿੱਸੇ ਵਿੱਚ ਸਥਾਪਤ 20 ਖੋਖਿਆਂ/ਕਬਜ਼ਿਆਂ ਨੂੰ ਵੀ ਢਾਹਿਆ
ਲੁਧਿਆਣਾ, 28 ਅਗਸਤ : ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ, ਨਗਰ ਨਿਗਮ ਨੇ ਬੁੱਧਵਾਰ ਨੂੰ ਕੁੰਤੀ ਨਗਰ (ਜ਼ੋਨ ਸੀ) ਨੇੜੇ ਇੱਕ ਉਸਾਰੀ ਅਧੀਨ ਗੈਰ-ਕਾਨੂੰਨੀ ਕਲੋਨੀ ਅਤੇ ਇੱਕ ਸ਼ਰਾਬ ਦੇ ਠੇਕੇ ਨੂੰ ਢਾਹ ਦਿੱਤਾ। ਇਸ ਤੋਂ ਇਲਾਵਾ, ਬਿਲਡਿੰਗ ਬ੍ਰਾਂਚ ਅਤੇ ਤਹਿਬਾਜ਼ਾਰੀ ਸ਼ਾਖਾ ਦੀ ਸਾਂਝੀ ਟੀਮ ਨੇ ਸਲੇਮ ਟਾਬਰੀ ਇਲਾਕੇ (ਜ਼ੋਨ ਏ) ਵਿੱਚ ਗਰੀਨ ਬੈਲਟ ਅਤੇ ਸੜਕ ਵਾਲੇ ਹਿੱਸੇ ਤੋਂ ਲਗਭਗ 20 ਕਬਜ਼ੇ/ਖੋਖੇ ਹਟਾਏ।ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਨਿਰਦੇਸ਼ਾਂ ‘ਤੇ ਨਾਜਾਇਜ਼ ਉਸਾਰੀਆਂ/ਕਬਜ਼ਿਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ।
ਸਹਾਇਕ ਟਾਊਨ ਪਲਾਨਰ (ਏ.ਟੀ.ਪੀ. ਜ਼ੋਨ ਸੀ) ਜਗਦੀਪ ਸਿੰਘ ਨੇ ਦੱਸਿਆ ਕਿ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨੂੰ ਰੁਟੀਨ ਨਿਰੀਖਣ ਦੌਰਾਨ ਨਾਜਾਇਜ਼ ਉਸਾਰੀਆਂ ਬਾਰੇ ਪਤਾ ਲੱਗਾ। ਬੁੱਧਵਾਰ ਨੂੰ ਨਾਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ ਗਿਆ ਹੈ ਅਤੇ ਮਾਲਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਦੁਬਾਰਾ ਨਾਜਾਇਜ਼ ਉਸਾਰੀਆਂ ਕਰਦੇ ਹਨ ਤਾਂ ਉਹਨਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਲੇਮ ਟਾਬਰੀ ਇਲਾਕੇ ਵਿੱਚ ਕਬਜ਼ੇ ਹਟਾਉਣ ਦੀ ਮੁਹਿੰਮ ਬਾਰੇ ਬੋਲਦਿਆ, ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਲਗਭਗ 20 ਖੋਖਿਆਂ/ਕਬਜ਼ਿਆਂ ਨੂੰ ਢਾਹ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦੇ ਕਬਜ਼ਿਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਹਟਾ ਦਿੱਤਾ ਜਾਵੇਗਾ।