ਦਿ ਸਿਟੀ ਹੈਡਲਾਈਨ
ਲੁਧਿਆਣਾ, 2 ਨਵੰਬਰ
ਮੋਟਰਸਾਈਕਲ ’ਤੇ ਸਵਾਰ ਹੋ ਕੇ ਨਕੋਦਰ ਸਥਿਤ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਲਈ ਜਾ ਰਹੇ ਤਿੰਨ ਨੌਜਵਾਨਾਂ ਦਾ ਤੇਜ਼ ਰਫ਼ਤਾਰ ਮੋਟਰਸਾਈਕਲ ਐਲੀਵੇਟਿਡ ਪੁੱਲ ’ਤੇ ਬੇਕਾਬੂ ਹੋ ਗਿਆ ਤੇ ਤਿੰਨੇ ਮੋਟਰਸਾਈਕਲ ਸਵਾਰ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇੱਕ ਨੌਜਵਾਨ ਦੀ ਤਾਂ ਇਸ ਦੌਰਾਨ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ 2 ਨਿੱਜੀ ਹਸਪਤਾਲ ’ਚ ਇਲਾਜ ਅਧੀਨ ਹਨ, ਜਿੰਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ. 4 ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ। ਮ੍ਰਿਤਕ ਦੀ ਪਛਾਣ ਇਸਲਾਮਗੰਜ ਦੇ ਪ੍ਰੇਮ ਨਗਰ ਇਲਾਕੇ ’ਚ ਰਹਿਣ ਵਾਲੇ ਨਿਤਿਨ ਕੁਮਾਰ ਦੇ ਰੂਪ ’ਚ ਹੋਈ ਹੈ, ਜਦੋਂ ਕਿ ਉਸਦਾ ਦੋਸਤ ਅਜੇ ਕੁਮਾਰ (18) ਅਤੇ ਨਿਤਿਨ ਕੁਮਾਰ (21) ਨਿੱਜੀ ਹਸਪਤਾਲ ’ਚ ਇਲਾਜ ਅਧੀਨ ਹਨ।
ਜਾਣਕਾਰੀ ਅਨੁਸਾਰ ਨਿਤਿਨ ਕੁਮਾਰ ਸ਼ਾਹਪੁਰ ਰੋਡ ਸਥਿਤ ਇੱਕ ਦੁਕਾਨ ’ਤੇ ਕੰਮ ਕਰਦਾ ਹੈ ਤੇ ਅਜੇ ਤੇ ਨਿਤਿਨ ਉਸਦੇ ਦੋਸਤ ਹਨ। ਤਿੰਨਾਂ ਨੇ ਇੱਕ ਹੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਨਕੋਦਰ ਸਥਿਤ ਧਾਰਮਿਕ ਸਥਾਨ ’ਤੇ ਮੱਥਾਂ ਟੇਕਣ ਦਾ ਪ੍ਰੋਗਰਾਮ ਬਣਾਇਆ ਸੀ। ਤਿੰਨ ੇਇੱਕ ਹੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰੋਂ ਨਿਕਲੇ ਸਨ ਅਤੇ ਜਗਰਾਉਂ ਪੁੱਲ ਤੋਂ ਹੁੰਦੇ ਹੋਏ ਐਲੀਵੇਟਿਡ ਰੋਡ ਦੇ ਰਸਤੇ ਹੋ ਗਏ। ਜਦੋਂ ਉਨ੍ਹਾਂ ਦਾ ਮੋਟਰਸਾਈਕਲ ਐਲੀਵੇਟਿਡ ਰੋਡ ’ਤੇ ਪੁੱਜਿਆ ਤਾਂ ਤੇਜ਼ ਰਫ਼ਤਾਰ ਹੋਣ ਕਾਰਨ ਮਾਤਾ ਰਾਣੀ ਚੌਂਕ ਦੇ ਉਪਰ ਮੋੜ ’ਤੇ ਬੇਕਾਬੂ ਹੋ ਗਿਆ। ਜਿਸ ਨਾਲ ਤਿੰਂਨੇ ਮੋਟਰਸਾਈਕਲ ਤੋਂ ਡਿੱਗ ਗਏ ਤੇ ਬੁਰੀ ਤਰ੍ਹਾਂ ਜ਼ਖਮੀ ਹ ੋਗਏ। ਪਿਛੋਂ ਆ ਰਹੇ ਵਾਹਨਾਂ ਨੇ ਕਾਫ਼ੀ ਮੁਸ਼ਕਿਲ ਨਾਲ ਆਪਣੇ ਵਾਹਨ ਰੋਕੇ ਤੇ ਪੁਲੀਸ ਨੂੰ ਇਸਦੀ ਜਾਣਕਾਰੀ ਦਿੱਤੀ। ਲੋਕਾਂ ਦੀ ਮਦਦ ਨਾਲ ਤਿੰਨਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ, ਪਰ ਨਿਤਿਨ (18) ਦੀ ਉਦੋਂ ਤੱਕ ਮੌਤ ਹੋ ਚੁੱਕੀ ਸੀ, ਜਦੋਂ ਕਿ ਦੋਵੇਂ ਜ਼ਖਮੀ ਹਸਪਤਾਲ ’ਚ ਇਲਾਜ ਅਧੀਨ ਹਨ। ਥਾਣਾ ਡਵੀਜ਼ਨ ਨੰ. 4 ਦੀ ਪੁਲੀਸ ਨੇ ਲਾਸ਼ ਪੋਸਟਮਾਰਟਮ ਕਰਵਾ ਵਾਰਸਾਂ ਨੂੰ ਸੌਂਪ ਦਿੱਤੀ ਹੈ।