ਜੰਮੂ ਕਸ਼ਮੀਰ ਦੇ ਕੁੱਪਵਾੜਾ ਵਿੱਚ ਦਹਿਸ਼ਤਗਰਦਾਂ ਦੀ ਗੋਲੀ ਲੱਗਣ ਕਾਰਨ ਮਾਨਸਾ ਦੇ ਪਿੰਡ ਅਕਲੀਆ ਦਾ 24 ਸਾਲਾ ਅਗਨੀਵੀਰ ਜਵਾਨ ਲਵਪ੍ਰੀਤ ਸਿੰਘ ਸ਼ਹੀਦ ਹੋ ਗਿਆ ਹੈ। ਲਵਪ੍ਰੀਤ ਸਿੰਘ ਭਾਰਤੀ ਫੌਜ ਵਿੱਚ ਅਗਨੀਵੀਰ ਵਜੋਂ 2 ਸਾਲ ਪਹਿਲਾਂ ਭਰਤੀ ਹੋਇਆ ਸੀ। ਸ਼ਹੀਦ ਅਗਨੀ ਵੀਰ ਲਵਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਅੱਜ ਬਾਅਦ ਦੁਪਹਿਰ ਜ਼ਿਲ੍ਹੇ ਦੇ ਪਿੰਡ ਅਕਲੀਆ ਵਿਖੇ ਪਹੁੰਚੇਗੀ, ਜਿੱਥੇ ਲਵਪ੍ਰੀਤ ਸਿੰਘ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਲਵਪ੍ਰੀਤ ਦੀ ਸ਼ਹਾਦਤ ‘ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਹਾ, “ਬਹਾਦਰ ਜਵਾਨ ਦੇ ਦੇਸ਼ ਪ੍ਰਤੀ ਹੌਸਲੇ ਤੇ ਸਿਦਕ ਨੂੰ ਦਿਲੋਂ ਸਲਾਮ। ਮੁੱਖ ਮੰਤਰੀ ਨੇ ਕਿਹਾ ਕਿ ਔਖੇ ਸਮੇਂ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਹੈ ਅਤੇ ਵਾਅਦੇ ਮੁਤਾਬਕ ਹਰ ਸੰਭਵ ਮਦਦ ਕੀਤੀ ਜਾਵੇਗੀ। ਸਾਡੇ ਲਈ ਸਾਡੇ ਜਵਾਨ ਸਾਡਾ ਮਾਣ ਨੇ ਭਾਵੇਂ ਉਹ ਅਗਨੀਵੀਰ ਹੀ ਕਿਉਂ ਨਾ ਹੋਣ।”
ਲਵਪ੍ਰੀਤ ਦੀ ਸ਼ਹਾਦਤ ਦੀ ਖਬਰ ਸੁਣ ਕੇ ਉਸ ਦੇ ਪਿੰਡ ਵਿਚ ਸੋਗ ਦੀ ਲਹਿਰ ਦੋੜ ਗਈ ਪਰ ਪਿੰਡ ਵਾਲਿਆਂ ਨੂੰ ਉਸ ਦੀ ਸ਼ਹਾਦਤ ‘ਤੇ ਮਾਣ ਹੈ। ਪਿੰਡ ਅਕਲੀਆ ਦੇ ਸਰਪੰਚ ਜਸਵੀਰ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਇੱਕ ਬਹੁਤ ਹੀ ਹੋਣਹਾਰ ਨੌਜਵਾਨ ਸੀ, ਜਿਸ ਨੇ ਭਾਰਤੀ ਫੌਜ ਵਿੱਚ ਅਗਨੀਵੀਰ ਵਜੋਂ ਭਰਤੀ ਹੋ ਕੇ ਪਿੰਡ ਅਕਲੀਆ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਦੇਸ਼ ਦੇ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ। ਉਹਨਾਂ ਕਿਹਾ ਕਿ ਲਵਪ੍ਰੀਤ ਸਿੰਘ ਅਜੇ ਕੁਆਰਾ ਸੀ।