ਕੇਂਦਰੀ ਦੂਰਸੰਚਾਰ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ BSNL ਜਲਦ ਹੀ ਦੇਸ਼ ਭਰ ‘ਚ 4ਜੀ ਸੇਵਾਵਾਂ ਸ਼ੁਰੂ ਕਰਨ ਜਾ ਰਿਹਾ ਹੈ। BSNL ਨੇ ‘ਆਤਮ-ਨਿਰਭਰ ਭਾਰਤ’ ਦੇ ਤਹਿਤ ਆਪਣਾ 4ਜੀ ਨੈੱਟਵਰਕ ਪੂਰੀ ਤਰ੍ਹਾਂ ਸਵਦੇਸ਼ੀ ਤਕਨੀਕ ਨਾਲ ਤਿਆਰ ਕੀਤਾ ਹੈ ਅਤੇ ਜਲਦ ਹੀ ਇਸਨੂੰ 5G ‘ਤੇ ਅੱਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬੀਐਸਐਨਐਲ ਦੇ ਗਾਹਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
ਉਨ੍ਹਾਂ ਕਿਹਾ ਕੀ ਕਈ ਲੋਕਾਂ ਨੇ ਪੁੱਛਿਆ ਸੀ ਕਿ ਜਦੋਂ ਜੀਓ, ਏਅਰਟੈੱਲ ਅਤੇ ਵੋਡਾਫੋਨ ਨੇ 4ਜੀ ਨੈੱਟਵਰਕ ਸ਼ੁਰੂ ਕੀਤਾ ਤਾਂ ਬੀਐੱਸਐੱਨਐੱਲ ਕਿਉਂ ਨਹੀਂ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਸੰਕਲਪ ਸੀ ਕਿ ਜੇਕਰ ਅਸੀਂ ਕਿਸੇ ਸਰਕਾਰੀ ਕੰਪਨੀ ਦਾ ਨੈੱਟਵਰਕ ਵਿਕਸਿਤ ਕਰਨਾ ਹੈ, ਤਾਂ ਅਸੀਂ ਚੀਨ ਜਾਂ ਕਿਸੇ ਹੋਰ ਦੇਸ਼ ਦੇ ਉਪਕਰਨਾਂ ਦੀ ਵਰਤੋਂ ਨਹੀਂ ਕਰਾਂਗੇ।
ਸਿੰਧੀਆ ਨੇ ਕਿਹਾ ਕਿ ਟਾਟਾ, ਤੇਜਸ ਅਤੇ ਸੀ-ਡੌਟ ਵਰਗੀਆਂ ਭਾਰਤੀ ਕੰਪਨੀਆਂ ਬੀਐਸਐਨਐਲ ਦੇ 4ਜੀ ਨੈੱਟਵਰਕ ਸਥਾਪਤ ਕਰਨ ਵਿੱਚ ਮਦਦ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਕਤੂਬਰ ਦੇ ਅੰਤ ਤੱਕ 80,000 ਟਾਵਰ ਲਗਾਏ ਜਾਣਗੇ ਅਤੇ ਮਾਰਚ 2025 ਤੱਕ 1 ਲੱਖ ਟਾਵਰ ਲਗਾਉਣ ਦਾ ਟੀਚਾ ਹੈ। ਯਾਨੀ ਮਾਰਚ 2025 ਤੱਕ 4ਜੀ ਨੈੱਟਵਰਕ ਦੇ ਇੱਕ ਲੱਖ ਟਾਵਰ ਲਗਾਏ ਜਾਣਗੇ।
ਸਿੰਧੀਆ ਨੇ ਇਹ ਵੀ ਦੱਸਿਆ ਕਿ ਬੀਐਸਐਨਐਲ ਦਾ ਇਹ 4ਜੀ ਨੈਟਵਰਕ 5ਜੀ ਵਿੱਚ ਅਪਗ੍ਰੇਡ ਕਰਨ ਲਈ ਤਿਆਰ ਹੈ। ਸਾਨੂੰ 5ਜੀ ਸੇਵਾਵਾਂ ਲਈ ਟਾਵਰਾਂ ‘ਚ ਕੁਝ ਬਦਲਾਅ ਕਰਨੇ ਪੈਣਗੇ ਅਤੇ ਇਸ ‘ਤੇ ਕੰਮ ਚੱਲ ਰਿਹਾ ਹੈ। ਅਸੀਂ ਜਲਦੀ ਹੀ 4ਜੀ ਤੋਂ 5ਜੀ ਤੱਕ ਦਾ ਸਫਰ ਪੂਰਾ ਕਰਾਂਗੇ। ਸਿੰਧੀਆ ਨੇ ਕਿਹਾ ਕਿ BSNL ਗਾਹਕਾਂ ਨੂੰ ਬਿਹਤਰ ਅਤੇ ਤੇਜ਼ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਈ ਗਾਹਕ ਪ੍ਰਾਈਵੇਟ ਕੰਪਨੀਆਂ ਛੱਡ ਕੇ ਬੀਐਸਐਨਐਲ ਨਾਲ ਜੁੜ ਰਹੇ ਹਨ।