ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ ਦਿੱਲੀ ਹਵਾਈ ਅੱਡੇ ਨਾਲ ਜੁੜੀਆਂ ਲਗਭਗ 135 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਿਨ੍ਹਾਂ ਵਿੱਚੋਂ 65 ਆਉਣ ਵਾਲੀਆਂ ਅਤੇ 66 ਜਾਣ ਵਾਲੀਆਂ ਉਡਾਣਾਂ ਸਨ। ਵਿਦੇਸ਼ੀ ਏਅਰਲਾਈਨਾਂ, ਜਿਵੇਂ ਕਿ ਅਮਰੀਕਨ ਏਅਰਲਾਈਨਜ਼, ਨੇ ਵੀ ਆਪਣੀਆਂ ਕੁਝ ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਹਨ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ, ਦਿੱਲੀ ਹਵਾਈ ਅੱਡਾ ਅਥਾਰਟੀ (ਡਾਇਲ) ਨੇ ਕਿਹਾ ਕਿ ਹਵਾਈ ਅੱਡੇ ਦੇ ਸਾਰੇ ਚਾਰ ਰਨਵੇਅ ਅਤੇ ਸਾਰੇ ਟਰਮੀਨਲ ਕਾਰਜਸ਼ੀਲ ਹਨ, ਪਰ ਹਵਾਈ ਖੇਤਰ ਵਿੱਚ ਬਦਲਾਅ ਕਾਰਨ ਬਹੁਤ ਸਾਰੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਇੰਡੀਗੋ ਅਤੇ ਏਅਰ ਇੰਡੀਆ ਨੇ ਜੰਮੂ, ਸ਼੍ਰੀਨਗਰ, ਲੇਹ, ਅੰਮ੍ਰਿਤਸਰ, ਚੰਡੀਗੜ੍ਹ, ਜੋਧਪੁਰ, ਧਰਮਸ਼ਾਲਾ ਵਰਗੇ ਉੱਤਰੀ ਭਾਰਤੀ ਹਵਾਈ ਅੱਡਿਆਂ ਤੋਂ 10 ਮਈ ਤੱਕ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰ ਇੰਡੀਆ ਨੇ ਦੋ ਅੰਤਰਰਾਸ਼ਟਰੀ ਉਡਾਣਾਂ ਨੂੰ ਵੀ ਦਿੱਲੀ ਭੇਜ ਦਿੱਤਾ ਹੈ।
ਭਾਰਤ ਦੇ ਜਿਨ੍ਹਾਂ 27 ਹਵਾਈ ਅੱਡਿਆਂ ‘ਤੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਵਪਾਰਕ ਉਡਾਣਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ, ਉਨ੍ਹਾਂ ਵਿੱਚ ਉੱਤਰੀ ਭਾਰਤ ਤੋਂ ਗੁਜਰਾਤ ਤੱਕ ਦੇ ਕਈ ਮਹੱਤਵਪੂਰਨ ਹਵਾਈ ਅੱਡੇ ਸ਼ਾਮਲ ਹਨ। ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਖੇਤਰ ਵਿੱਚ, ਸ਼੍ਰੀਨਗਰ, ਜੰਮੂ, ਲੇਹ, ਅੰਮ੍ਰਿਤਸਰ, ਪਠਾਨਕੋਟ, ਲੁਧਿਆਣਾ, ਚੰਡੀਗੜ੍ਹ, ਪਟਿਆਲਾ, ਭੁੰਤਰ, ਸ਼ਿਮਲਾ, ਗੱਗਲ, ਧਰਮਸ਼ਾਲਾ, ਹਲਵਾਰਾ ਅਤੇ ਬਠਿੰਡਾ ਵਰਗੇ ਹਵਾਈ ਅੱਡਿਆਂ ‘ਤੇ ਉਡਾਣਾਂ ਰੋਕ ਦਿੱਤੀਆਂ ਗਈਆਂ ਹਨ। ਰਾਜਸਥਾਨ ਦੇ ਜੈਸਲਮੇਰ, ਜੋਧਪੁਰ, ਬੀਕਾਨੇਰ ਅਤੇ ਕਿਸ਼ਨਗੜ੍ਹ ਵਰਗੇ ਹਵਾਈ ਅੱਡੇ ਇਸ ਬੰਦ ਨਾਲ ਪ੍ਰਭਾਵਿਤ ਹੋਏ ਹਨ।
ਗੁਜਰਾਤ ਦੇ ਭੁਜ, ਕਾਂਡਲਾ, ਪੋਰਬੰਦਰ, ਜਾਮਨਗਰ, ਰਾਜਕੋਟ, ਮੁੰਦਰਾ ਅਤੇ ਕੇਸ਼ੋਦ ਹਵਾਈ ਅੱਡਿਆਂ ‘ਤੇ ਵੀ ਯਾਤਰੀ ਉਡਾਣ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੱਧ ਪ੍ਰਦੇਸ਼ ਦਾ ਗਵਾਲੀਅਰ ਹਵਾਈ ਅੱਡਾ ਅਤੇ ਦਿੱਲੀ-ਐਨਸੀਆਰ ਖੇਤਰ ਵਿੱਚ ਸਥਿਤ ਹਿੰਡਨ ਏਅਰਬੇਸ (ਗਾਜ਼ੀਆਬਾਦ) ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਇਨ੍ਹਾਂ ਬੰਦਾਂ ਦਾ ਉਦੇਸ਼ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ, ਅਤੇ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਉਡਾਣਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ।