ਹਿਮਾਚਲ ਪ੍ਰਦੇਸ਼ ‘ਚ ਉਡਾਨ ਯੋਜਨਾ ਦੇ ਦੂਜੇ ਪੜਾਅ ਤਹਿਤ ਵੀਰਵਾਰ ਤੋਂ ਹਵਾਈ ਸੇਵਾ ਹੋ ਗਈ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਤੰਬਰ ਵਿੱਚ ਅੰਮ੍ਰਿਤਸਰ, ਕੁੱਲੂ ਅਤੇ ਸ਼ਿਮਲਾ ਵਿਚਾਲੇ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਸ ਯੋਜਨਾ ਦੇ ਤਹਿਤ ਪਹਿਲੀ ਅਕਤੂਬਰ ਤੋਂ ਕੁੱਲੂ ਲਈ ਨਿਯਮਤ ਉਡਾਣਾਂ ਸਫਲਤਾਪੂਰਵਕ ਸ਼ੁਰੂ ਹੋ ਗਈਆਂ ਹਨ। ਹੁਣ 16 ਨਵੰਬਰ ਯਾਨੀ ਵੀਰਵਾਰ ਤੋਂ ਅੰਮ੍ਰਿਤਸਰ ਤੋਂ ਸ਼ਿਮਲਾ ਲਈ ਹਵਾਈ ਉਡਾਣਾਂ ਸ਼ੁਰੂ ਹੋਣ ਗਈਆਂ ਹਨ।
ਅੰਮ੍ਰਿਤਸਰ ਤੋਂ ਸ਼ਿਮਲਾ ਦਾ ਕਿਰਾਇਆ 1,919 ਰੁਪਏ ਰੱਖਿਆ ਗਿਆ ਹੈ। ਉਡਾਨ ਸਕੀਮ ਤਹਿਤ ਰਾਜ ਸਰਕਾਰ ਹਵਾਈ ਕਿਰਾਏ ‘ਤੇ 50 ਫੀਸਦੀ ਸਬਸਿਡੀ ਦੇ ਰਹੀ ਹੈ। ਇਸ ਰੂਟ ‘ਤੇ ਉਡਾਣਾਂ ਸ਼ੁਰੂ ਹੋਣ ਨਾਲ ਯਾਤਰੀ ਇਕ ਘੰਟੇ ਵਿਚ ਅੰਮ੍ਰਿਤਸਰ ਤੋਂ ਸ਼ਿਮਲਾ ਪਹੁੰਚ ਸਕਣਗੇ। ਇਸ ਹਵਾਈ ਸੇਵਾ ਦੇ ਸ਼ੁਰੂ ਹੋਣ ਨਾਲ ਸੈਰ-ਸਪਾਟਾ ਉਦਯੋਗ ਨੂੰ ਫਾਇਦਾ ਹੋਵੇਗਾ ਅਤੇ ਸੈਲਾਨੀ ਅਤੇ ਸਥਾਨਕ ਲੋਕ ਵੀ ਇਸ ਹਵਾਈ ਸੇਵਾ ਦਾ ਲਾਭ ਉਠਾ ਸਕਣਗੇ। ਇਹ ਉਡਾਣਾਂ ਹਫ਼ਤੇ ਵਿੱਚ ਤਿੰਨ ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਚੱਲਣਗੀਆਂ।