ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਸਿੱਖ ਕੌਮ ਮਹਾਰਾਸ਼ਟਰ ਵੱਲੋਂ ਆਗਾਮੀ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੀ ਮਹਾਯੁਤੀ ਨੂੰ ਸਮਰਥਨ ਦੇਣ ਦਾ ਐਲਾਨ ਕਰਦਿਆਂ ਗਠਜੋੜ ਦੀ ਸ਼ਾਨਦਾਰ ਜਿੱਤ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।
ਚੋਣ ਪ੍ਰਚਾਰ ਦੇ ਆਖ਼ਰੀ ਦਿਨ ਮੁੰਬਈ ਪ੍ਰੈੱਸ ਕਲੱਬ ਵਿਖੇ ਹੋਈ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਐਲਾਨ ਕਰਦਿਆਂ ਧੁੰਮਾ ਨੇ ਮਹਾਯੁਤੀ ਦੀਆਂ ਕਾਰਵਾਈਆਂ ਦੀ ਸ਼ਲਾਘਾ ਕਰਦਿਆਂ ਇਨ੍ਹਾਂ ਨੂੰ ਸਿੱਖਾਂ ਅਤੇ ਹੋਰ ‘ਗੁਰੂ ਨਾਨਕ ਨਾਮ ਲੇਵਾ ਸੰਗਤ’ ਦੀ ਭਲਾਈ ਲਈ ‘ਇਤਿਹਾਸਕ’ ਕਰਾਰ ਦਿੱਤਾ।
ਉਨ੍ਹਾਂ ਕਿਹਾ, ‘ਪਿਛਲੇ 2.5 ਸਾਲਾਂ ਵਿੱਚ ਸਰਕਾਰ ਨੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਸਿੱਖਾਂ, ਹਿੰਦੂ ਪੰਜਾਬੀਆਂ, ਲੁਬਾਣਿਆਂ, ਸਿਕਲੀਗਰਾਂ, ਸਿੰਧੀਆਂ ਅਤੇ ਬੰਜਾਰਾਂ ਦੀ ਭਲਾਈ ਅਤੇ ਉੱਨਤੀ ਲਈ ਨੀਤੀਆਂ ਲਾਗੂ ਕੀਤੀਆਂ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਸਮਾਜਿਕ ਅਤੇ ਆਰਥਿਕ ਤਰੱਕੀ ਪੱਖੋਂ ਅਹਿਮ ਭੂਮਿਕਾ ਨਿਭਾਈ ਹੈ। ਸਿੱਖ ਭਾਈਚਾਰੇ ਨੇ ਸਾਰਿਆਂ ਨੂੰ ਇਸ ਮਹੀਨੇ ਦੀ 20 ਤਰੀਕ ਨੂੰ ਹੋਣ ਵਾਲੀ ਵੋਟਿੰਗ ਪ੍ਰਕਿਰਿਆ ਵਿਚ ਹਿੱਸਾ ਲੈਣ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੀ ਮਹਾਯੁਤੀ ਦੀ ਸ਼ਾਨਦਾਰ ਜਿੱਤ ਲਈ ਆਪਣਾ ਪੂਰਾ ਸਮਰਥਨ ਦੇਣ ਦੀ ਅਪੀਲ ਕੀਤੀ।
ਮੁੰਬਈ ਦਾ ਸਿੱਖ ਭਾਈਚਾਰਾ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੇ ਤਿੰਨ ਰੋਜ਼ਾ ਜਸ਼ਨਾਂ ਲਈ ਤਿਆਰੀਆਂ ਕਰ ਰਿਹਾ ਹੈ। ਸਮਾਗਮਾਂ ਵਿੱਚ ਵੱਖ-ਵੱਖ ਗੁਰਦੁਆਰਿਆਂ ਵਿੱਚ ਪ੍ਰਭਾਤ ਫੇਰੀ, ਨਗਰ ਕੀਰਤਨ, ਭਗਤੀ ਸੰਗੀਤ ਅਤੇ ਲੰਗਰ ਸ਼ਾਮਲ ਹਨ। ਖਾਲਸਾ ਕਾਲਜ ਗਰਾਊਂਡ ਅਤੇ ਗੁਰਦੁਆਰਾ ਧੰਨ ਪੋਠੋਹਾਰ ਵਿਖੇ ਹਜ਼ਾਰਾਂ ਲੋਕਾਂ ਦੇ ਇਕੱਠ ਹੋਣ ਦੀ ਉਮੀਦ ਹੈ।