ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇੱਕ ਬਿਆਨ ਨੇ ਗਲੋਬਲ ਬਾਜ਼ਾਰਾਂ ਵਿੱਚ ਹਲਚਲ ਮਚਾ ਦਿੱਤੀ ਹੈ। ਟਰੰਪ ਨੇ ਤਹਿਰਾਨ ਨੂੰ ਖਾਲੀ ਕਰਨ ਲਈ ਕਿਹਾ, ਜਿਸ ਤੋਂ ਬਾਅਦ ਮੰਗਲਵਾਰ ਨੂੰ ਏਸ਼ੀਆਈ ਬਾਜ਼ਾਰਾਂ ਵਿੱਚ ਸ਼ੁਰੂਆਤੀ ਕਾਰੋਬਾਰ ਦੌਰਾਨ ਤੇਲ ਦੀਆਂ ਕੀਮਤਾਂ ਵਿੱਚ ਲਗਭਗ 2% ਦਾ ਉਛਾਲ ਦੇਖਣ ਨੂੰ ਮਿਲਿਆ। ਇਸ ਬਿਆਨ ਨੇ ਇਜ਼ਰਾਈਲ-ਈਰਾਨ ਤਣਾਅ ਘਟਾਉਣ ਦੀਆਂ ਉਮੀਦਾਂ ਨੂੰ ਚਕਨਾਚੂਰ ਕਰ ਦਿੱਤਾ, ਜਿਸ ਨਾਲ ਬਾਜ਼ਾਰਾਂ ਵਿੱਚ ਅਨਿਸ਼ਚਿਤਤਾ ਵਧ ਗਈ ਹੈ। ਨਾਲ ਹੀ, ਅਮਰੀਕੀ ਫਿਊਚਰਜ਼ ਬਾਜ਼ਾਰ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੀ। ਟਰੰਪ ਦੀ ਇਸ ਅਪੀਲ ਦਾ ਭਾਰਤ ‘ਤੇ ਵੀ ਅਸਰ ਪਵੇਗਾ। ਕਿਉਂਕਿ ਜੇਕਰ ਤੇਲ ਦੀਆਂ ਕੀਮਤਾਂ ਵਧਦੀਆਂ ਹਨ, ਤਾਂ ਭਾਰਤ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ।
ਟਰੰਪ ਨੇ ਇਹ ਗੱਲ ਅਲਬਰਟਾ ਵਿੱਚ ਹੋਏ ਜੀ-7 ਸੰਮੇਲਨ ਦੌਰਾਨ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਹੀ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਉਹ ਕਿਸ ਵੱਲ ਇਸ਼ਾਰਾ ਕਰ ਰਹੇ ਸਨ। ਪਹਿਲਾਂ, ਟਰੰਪ ਨੇ ਕਿਹਾ ਸੀ ਕਿ ਈਰਾਨ ਇੱਕ ਸਮਝੌਤਾ ਕਰਨਾ ਚਾਹੁੰਦਾ ਹੈ। ਪਰ ਉਨ੍ਹਾਂ ਦੇ ਤਾਜ਼ਾ ਬਿਆਨ ਤੋਂ ਬਾਅਦ, ਤੇਲ ਦੀਆਂ ਕੀਮਤਾਂ ਵਧ ਗਈਆਂ। ਤੇਲ ਦੀਆਂ ਕੀਮਤਾਂ ਵਿੱਚ ਇਹ ਵਾਧਾ ਭਾਰਤ ਵਰਗੇ ਦੇਸ਼ਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ, ਜੋ ਆਪਣੀਆਂ ਤੇਲ ਜ਼ਰੂਰਤਾਂ ਦਾ ਵੱਡਾ ਹਿੱਸਾ ਆਯਾਤ ਕਰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੇਲ ਦੀਆਂ ਕੀਮਤਾਂ ਵਧਦੀਆਂ ਰਹੀਆਂ ਤਾਂ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧ ਸਕਦੀਆਂ ਹਨ, ਜਿਸ ਨਾਲ ਮਹਿੰਗਾਈ ਅਤੇ ਆਵਾਜਾਈ ਦੀਆਂ ਲਾਗਤਾਂ ਵਧ ਸਕਦੀਆਂ ਹਨ। ਇਸ ਨਾਲ ਆਮ ਆਦਮੀ ਦੀ ਜੇਬ ‘ਤੇ ਬੋਝ ਵਧਣ ਦੇ ਨਾਲ-ਨਾਲ ਅਰਥਵਿਵਸਥਾ ‘ਤੇ ਵੀ ਮਾੜਾ ਪ੍ਰਭਾਵ ਪੈ ਸਕਦਾ ਹੈ।
ਵਾਲ ਸਟਰੀਟ ਜਰਨਲ ਦੀ ਇੱਕ ਰਿਪੋਰਟ ਦੇ ਅਨੁਸਾਰ, ਤਹਿਰਾਨ ਨੇ ਸੰਕੇਤ ਦਿੱਤਾ ਹੈ ਕਿ ਉਹ ਇਜ਼ਰਾਈਲ ਨਾਲ ਤਣਾਅ ਘਟਾਉਣਾ ਚਾਹੁੰਦਾ ਹੈ ਅਤੇ ਅਮਰੀਕਾ ਨਾਲ ਪ੍ਰਮਾਣੂ ਗੱਲਬਾਤ ਮੁੜ ਸ਼ੁਰੂ ਕਰਨ ਲਈ ਤਿਆਰ ਹੈ, ਬਸ਼ਰਤੇ ਵਾਸ਼ਿੰਗਟਨ ਇਜ਼ਰਾਈਲੀ ਹਮਲਿਆਂ ਵਿੱਚ ਸ਼ਾਮਲ ਨਾ ਹੋਵੇ। ਰਾਇਟਰਜ਼ ਦੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਈਰਾਨ ਨੇ ਇਹ ਸੁਨੇਹਾ ਕਤਰ, ਸਾਊਦੀ ਅਰਬ ਅਤੇ ਓਮਾਨ ਰਾਹੀਂ ਭੇਜਿਆ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਇਜ਼ਰਾਈਲ ਅਤੇ ਈਰਾਨ ਵਿਚਕਾਰ ਤਣਾਅ ਸੀਮਤ ਰਹਿੰਦਾ ਹੈ, ਤਾਂ ਇਸਦਾ ਬਾਜ਼ਾਰਾਂ ‘ਤੇ ਬਹੁਤਾ ਪ੍ਰਭਾਵ ਨਹੀਂ ਪਵੇਗਾ। ਪਰ ਟਰੰਪ ਦੇ ਬਿਆਨ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਭਾਰਤ ਵਰਗੇ ਆਯਾਤ-ਨਿਰਭਰ ਦੇਸ਼ਾਂ ਲਈ ਚਿੰਤਾਵਾਂ ਵਧਾ ਦਿੱਤੀਆਂ ਹਨ।




