ਲੁਧਿਆਣਾ, 15 ਸਤੰਬਰ
ਸੂਬੇ ਦੇ ਜੇਲ੍ਹ ਮੰਤਰੀ ਨੇ ਵੀਰਵਾਰ ਦੁਪਹਿਰ ਤਿੰਨ ਵਜੇ ਕੇਂਦਰੀ ਜੇਲ੍ਹ ਲੁਧਿਆਣਾ ਦਾ ਦੌਰਾ ਕਰਨਾ ਹੈ। ਉਸ ਤੋਂ ਪਹਿਲਾਂ ਹੀ ਚੈਕਿੰਗ ਲਈ ਗਈ ਡਿਪਟੀ ਜੇਲਰ ’ਤੇ ਕੈਦੀਆਂ ਨੇ ਹਮਲਾ ਕਰ ਦਿੱਤਾ। ਇਨ੍ਹਾਂ ਹੀ ਨਹੀਂ ਡਿਪਟੀ ਜੇਲਰ ਨੂੰ ਜਾਨ ਤੋਂ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ। ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਵਿੱਚ ਜਰਦਾ ਤੇ ਛੇ ਮੋਬਾਈਲ ਫੋਨ ਬਰਾਮਦ ਕੀਤੇ ਸਨ। ਜਿਸ ਤੋਂ ਬਾਅਦ ਡਿਪਟੀ ਜੇਲਰ ਚੈਕਿੰਗ ਲਈ ਗਏ ਸਨ। ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਰਿਟੇਲ ਸਟੋਰ ਦਾ ਉਦਘਾਟਨ ਕਰਨ ਦੇ ਲਈ ਆਉਣਾ ਹੈ।
ਜਾਣਕਾਰੀ ਮੁਤਾਬਕ ਡਿਪਟੀ ਜੇਲਰ ਅਨੁ ਮਲਿਕ ਜੇਲ੍ਹ ਵਿੱਚ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਜਦੋਂ ਉਹ ਬੈਰਕ ਨੰਬਰ 3 ਦੀ ਤਲਾਸ਼ੀ ਲੈਣ ਲੱਗੇ ਤਾਂ ਉਥੇ ਕੈਦੀ ਭਡ਼ਕ ਗਏ। ਇਸ ਦੌਰਾਨ ਉਥੇ ਇੱਕ ਕੈਦੀ ਰਣਬੀਰ ਸਿੰਘ ਕੋਲੋਂ ਮੋਬਾਈਲ ਫੋਨ ਵੀ ਬਰਾਮਦ ਹੋਇਆ। ਜਿਸ ਤੋਂ ਬਾਅਦ ਕੈਦੀਆਂ ਨੇ ਆਪਣੇ ਸਾਥਿਆਂ ਦੇ ਨਾਲ ਡਿਪਟੀ ਜੇਲਰ ’ਤੇ ਹਮਲਾ ਕਰ ਦਿੱਤਾ। ਇਸ ਕੋਲੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਵੀ ਕੀਤੀ ਗਈ। ਡਿਪਟੀ ਜੇਲਰ ਵੱਲੋਂ ਪੁਲੀਸ ਨੂੰ ਕਾਰਵਾਈ ਲਈ ਲਿੱਖੀ ਗਈ ਚਿੱਠੀ ਵਿੱਚ ਕੈਦੀ ਰਣਵੀਰ ਸਿੰਘ, ਅਮਨਦੀਪ ਸਿੰਘ, ਜਸਪ੍ਰੀਤ ਸਿੰਘ ਦੇ ਖ਼ਿਲਾਫ਼ ਸਰਕਾਰੀ ਨੌਕਰੀ ਵਿੱਚ ਵਿਘਨ ਪਾਉਣ, ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਮਾਰਕੁੱਟ ਸਣੇ ਵੱਖ ਵੱਖ ਧਾਰਾਵਾਂ ਵਿੱਚ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ। ਥਾਣਾ ਡਵੀਜਨ ਨੰਬਰ 7 ਦੀ ਪੁਲੀਸ ਨੇ ਸਾਰੇ ਹੀ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।