ਜਲੰਧਰ, 22 ਸਤੰਬਰ : ਸਥਾਨਕ ਸ਼ਹਿਰ ਦੀ ਪੁਲੀਸ ਨੇ 3 ਵੱਖ-ਵੱਖ ਮਾਮਲਿਆਂ ‘ਚ 5 ਮੁਲਜ਼ਮਾਂ ਨੂੰ 4 ਨਾਜਾਇਜ਼ ਅਸਲੇ ਅਤੇ 10 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹੈਪੀ ਪੁੱਤਰ ਵਿਕਰਮ ਵਾਸੀ ਦਾਣਾ ਮੰਡੀ, ਜਲੰਧਰ, ਮਹਿਕਪ੍ਰੀਤ ਸਿੰਘ ਉਰਫ ਸੁਖਵਿੰਦਰ ਸਿੰਘ ਵਾਸੀ ਕਬੀਰ ਵਿਹਾਰ, ਬਸਤੀ ਬਾਲਾ ਖੇਲ, ਵਿਸ਼ਵਜੀਤ ਸਿੰਘ ਪੁੱਤਰ ਪਤਨਾਮ ਸਿੰਘ ਵਾਸੀ ਨਿਊ ਅਮਨ ਨਗਰ, ਰੋਹਨ, ਪ੍ਰੇਮਲਾਲ, ਵਾਸੀ ਚਮਨ ਲਾਲ ਚੱਕੀ ਦੇ ਨਜਦੀਕ ਅਤੇ ਕਰਨਦੀਪ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਪਿੰਡ ਵਡਾਲਾ ਕਲਾਂ (ਕਪੂਰਥਲਾ) ਵਜੋਂ ਹੋਈ ਹੈ। ਪੁਲੀਸ ਨੇ ਤਿੰਨਾਂ ਮੁਲਜ਼ਮਾਂ ਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਮੁਲਜ਼ਮ ਹੈਪੀ ਨੂੰ ਸਿਟੀ ਪੁਲੀਸ ਨੇ ਵਰਕਸ਼ਾਪ ਚੌਕ ਨੇੜਿਓਂ ਕਾਬੂ ਕੀਤਾ ਹੈ। ਸੂਚਨਾ ਦੇ ਆਧਾਰ ‘ਤੇ ਪੁਲੀਸ ਨੇ ਕਾਬੂ ਕੀਤੇ ਹੈਪੀ ਕੋਲੋਂ ਇਕ ਨਾਜਾਇਜ਼ ਪਿਸਤੌਲ ਅਤੇ 3 ਜਿੰਦਾ ਕਾਰਤੂਸ ਬਰਾਮਦ ਕੀਤੇ ਸਨ। ਪੁਲੀਸ ਜਲਦ ਹੀ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ ਕਿ ਦੋਸ਼ੀ ਹਥਿਆਰ ਕਿੱਥੋਂ ਲੈ ਕੇ ਆਇਆ ਸੀ ਅਤੇ ਇਸ ਨਾਲ ਕੀ ਕਰਨਾ ਸੀ।
ਇਸੇ ਤਰ੍ਹਾਂ ਹੀ ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਥਾਣਾ ਬਸਤੀ ਬਾਵਾ ਖੇਲ ਦੇ ਇਲਾਕੇ ‘ਚ ਪੈਂਦੇ ਬਾਬਾ ਬੁੱਢਾ ਜੀ ਪੁਲ ਨੇੜਿਓਂ ਸ਼ਨੀਵਾਰ ਨੂੰ ਪੁਲੀਸ ਨੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮ ਮਹਿਕਪ੍ਰੀਤ ਸਿੰਘ, ਵਿਸ਼ਵਜੀਤ ਸਿੰਘ ਅਤੇ ਰੋਹਨ ਨੂੰ ਏਐਸਆਈ ਬਲਵਿੰਦਰ ਸਿੰਘ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਮੁਲਜ਼ਮਾਂ ਕੋਲੋਂ 32 ਬੋਰ ਦੇ 2 ਪਿਸਤੌਲ ਅਤੇ 6 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਲਦ ਹੀ ਪੁਲਿਸ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਵੇਗੀ।
ਇੱਕ ਹੋਰ ਮਾਮਲੇ ਵਿੱਚ ਸ਼ਨੀਵਾਰ ਨੂੰ ਪੁਲੀਸ ਨੇ ਕਰਨਦੀਪ ਸਿੰਘ ਵਾਸੀ ਕਪੂਰਥਲਾ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਨੂੰ ਥਾਣਾ ਡਵੀਜ਼ਨ ਨੰਬਰ-5 ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕਾਬੂ ਕੀਤੇ ਮੁਲਜ਼ਮਾਂ ਕੋਲੋਂ ਇੱਕ ਨਜਾਇਜ਼ ਪਿਸਤੌਲ (32 ਬੋਰ) ਅਤੇ 1 ਜਿੰਦਾ ਕਾਰਤੂਸ ਬਰਾਮਦ ਹੋਇਆ ਹੈ। ਪੁਲੀਸ ਜਲਦ ਹੀ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਲਵੇਗੀ।