ਜਲੰਧਰ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਪੋਲਿੰਗ ਏਜੰਟਾਂ ਨੂੰ ਲੈ ਕੇ ਸਿਆਸੀ ਹੰਗਾਮਾ ਹੋ ਗਿਆ ਹੈ। ਕਾਂਗਰਸ ਅਤੇ ਭਾਜਪਾ ਨੇ ਕੁਝ ਫੋਟੋਆਂ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ (ਆਪ) ਨੇ ਬਾਹਰੋਂ ਵਰਕਰਾਂ ਨੂੰ ਬੁਲਾ ਕੇ ਇੱਥੇ ਪੋਲਿੰਗ ਏਜੰਟ ਨਿਯੁਕਤ ਕੀਤੇ ਹਨ।
ਦੂਜੇ ਪਾਸੇ ਆਮ ਆਦਮੀ ਪਾਰਟੀ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਪੋਲਿੰਗ ਏਜੰਟ ਨਹੀਂ ਮਿਲ ਰਹੇ। ਉਨ੍ਹਾਂ ਦੇ ਬੂਥ ਖਾਲੀ ਪਏ ਹਨ। ਇਸ ਸਬੰਧੀ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ ਚੋਣ ਕਮਿਸ਼ਨ ਅਤੇ ਜਲੰਧਰ ਦੇ ਡੀਸੀ ਨੂੰ ਵੀ ਸ਼ਿਕਾਇਤ ਭੇਜੀ ਗਈ ਹੈ।
ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਆਪਣੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਹੈ। ਇਸ ਤੋਂ ਬਾਅਦ ਪੁਲਸ ਹਰਕਤ ‘ਚ ਆ ਗਈ। ਹੁਣ ਪੂਰੇ ਜ਼ਿਲ੍ਹੇ ਵਿੱਚ ਐਲਾਨ ਕਰਕੇ ਬਾਹਰਲੇ ਲੋਕਾਂ ਨੂੰ ਜ਼ਿਲ੍ਹਾ ਛੱਡਣ ਦਾ ਅਲਟੀਮੇਟਮ ਦਿੱਤਾ ਜਾ ਰਿਹਾ ਹੈ। ਪੁਲਸ ਕਹਿ ਰਹੀ ਹੈ ਕਿ ਜੇਕਰ ਉਹ ਜ਼ਿਲਾ ਛੱਡ ਕੇ ਨਹੀਂ ਗਏ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।