ਫਾਜ਼ਿਲਕਾ ਦੇ ਜਲਾਲਾਬਾਦ ਵਿੱਚ ਅੱਜ ਧੁੰਦ ਕਾਰਨ ਇੱਕ ਸੜਕ ਹਾਦਸਾ ਵਾਪਰ ਗਿਆ। ਜਲਾਲਾਬਾਦ ਦੇ ਪਿੰਡ ਵੈਰੋਕਾ ਅਤੇ ਕਾਠਗੜ੍ਹ ਵਿਚਕਾਰ ਲਿੰਕ ਸੜਕ ‘ਤੇ ਇੱਕ ਮਿੰਨੀ ਸਕੂਲ ਬੱਸ ਪਲਟ ਗਈ। ਹਾਦਸੇ ਦੌਰਾਨ ਸਕੂਲੀ ਬੱਚਿਆਂ ਨੂੰ ਬੱਸ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਗਿਆ। ਜਾਣਕਾਰੀ ਮੁਤਾਬਿਕ ਬੱਸ ‘ਚ 30 ਤੋਂ 35 ਬੱਚੇ ਮੌਜੂਦ ਸਨ।
ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਸਾਹਮਣੇ ਤੋਂ ਇੱਕ ਪਿਕਅੱਪ ਆ ਰਿਹਾ ਸੀ, ਜੋ ਕਿੰਨੂ ਤੋੜਨ ਲਈ ਮਜ਼ਦੂਰਾਂ ਨੂੰ ਲਿਜਾਣ ਲਈ ਵਰਤਿਆ ਜਾਂਦਾ ਹੈ। ਪਿਕਅੱਪ ਗੱਡੀ ਦੀਆਂ ਲਾਈਟਾਂ ਕੰਮ ਨਹੀਂ ਕਰ ਰਹੀਆਂ ਸਨ ਅਤੇ ਇਹ ਤੇਜ਼ ਰਫ਼ਤਾਰ ਨਾਲ ਆ ਰਹੀ ਸੀ।
ਜਦੋਂ ਬੱਸ ਨੇੜੇ ਪਹੁੰਚੀ ਤਾਂ ਬੱਸ ਚਾਲਕ ਨੇ ਸੁਰੱਖਿਆ ਲਈ ਬੱਸ ਨੂੰ ਸੜਕ ਤੋਂ ਲਾਹ ਦਿੱਤਾ। ਪਰ ਸੜਕ ਕਿਨਾਰੇ ਜਗ੍ਹਾ ਨਾ ਹੋਣ ਕਾਰਨ ਬੱਸ ਖੇਤਾਂ ਵਿੱਚ ਪਲਟ ਗਈ। ਹਾਦਸੇ ਤੋਂ ਬਾਅਦ ਬੱਸ ਵਿੱਚ ਸਵਾਰ ਇੱਕ ਨਿਹੰਗ ਸਿੰਘ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਸਕੂਲੀ ਬੱਚਿਆਂ ਨੂੰ ਬਾਹਰ ਕੱਢ ਲਿਆ ਗਿਆ। ਸਾਰੇ ਬੱਚੇ ਸੁਰੱਖਿਅਤ ਹਨ।