ਜਗਰਾਉਂ ਦੇ ਰਾਏਕੋਟ ਰੋਡ ‘ਤੇ ਤਿੰਨ ਦਿਨ ਪਹਿਲਾਂ ਵਾਪਰੇ ਸੜਕ ਹਾਦਸੇ ‘ਚ ਇੱਕ ਬੱਚੇ ਦੀ ਮੌਤ ਦੇ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਸਕੂਲ ਮੈਨੇਜਮੈਂਟ ਨੇ ਆਪਣੇ ਚਹੇਤੇ ਨੂੰ ਬਚਾਉਣ ਲਈ ਇੱਕ ਹੋਰ ਬੱਸ ਡਰਾਈਵਰ ਦਾ ਨਾਂਅ ਪੁਲਿਸ ਕੋਲ ਲਿਖਵਾ ਦਿੱਤਾ। ਸੂਚਨਾ ਮਿਲਦਿਆਂ ਹੀ ਡਰਾਈਵਰ ਯੂਨੀਅਨ ਇਕੱਠੇ ਹੋ ਗਏ ਅਤੇ ਸਕੂਲ ਮੈਨੇਜਮੈਂਟ ਖ਼ਿਲਾਫ਼ ਲਾਲਾ ਲਾਜਪਤ ਰਾਏ ਪਾਰਕ ਵਿੱਚ ਨਾਅਰੇਬਾਜ਼ੀ ਕਰਦਿਆਂ ਧਰਨਾ ਦਿੱਤਾ।
ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਪਰਮਿੰਦਰ ਸਿੰਘ ਅਤੇ ਮੀਤ ਪ੍ਰਧਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਡਰਾਈਵਰ ਹਰਪਾਲ ਸਿੰਘ ਜੋ ਕਿ ਸਨਮਤੀ ਵਿਮਲ ਜੈਨ ਸਕੂਲ ਦੀ ਬੱਸ ਚਲਾਉਂਦਾ ਹੈ, ਦਾ ਫੋਨ ਆਇਆ ਸੀ ਕਿ ਸਕੂਲ ਪ੍ਰਬੰਧਕਾਂ ਵਲੋਂ ਰਿਪੋਰਟ ਵਿੱਚ ਉਸ ਦਾ ਨਾਂ ਲਿਖਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਯੂਨੀਅਨ ਨਾਲ ਜੁੜੇ ਸਾਰੇ ਡਰਾਈਵਰ ਲਾਲਾ ਲਾਜਪਤ ਰਾਏ ਪਾਰਕ ਵਿਖੇ ਇਕੱਠੇ ਹੋਏ ਅਤੇ ਪ੍ਰਦਰਸ਼ਨ ਕੀਤਾ। ਮਾਮਲੇ ਵਿੱਚ ਪੁਲੀਸ ਨੇ ਬੱਸ ਡਰਾਈਵਰ, ਸਕੂਲ ਪ੍ਰਿੰਸੀਪਲ ਅਤੇ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਮੈਨੇਜਮੈਂਟ ਨੇ ਚਹੇਤਾ ਡਰਾਈਵਰ ਨੂੰ ਬਚਾਉਣ ਲਈ ਉਸ ਦੀ ਥਾਂ ‘ਤੇ ਹਰਪਾਲ ਸਿੰਘ ਦਾ ਨਾਂ ਪੁਲਸ ਨੂੰ ਦੇ ਦਿੱਤਾ ਤਾਂ ਜੋ ਉਸ ਦਾ ਨਾਂ ਕੇਸ ਵਿਚ ਸ਼ਾਮਲ ਕੀਤਾ ਜਾ ਸਕੇ। ਇਸ ਸਬੰਧੀ ਉਨ੍ਹਾਂ ਸਕੂਲ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।ਜਿਸ ਸਬੰਧੀ ਹੁਣ ਸਕੂਲ ਨੇ ਉਸ ਨੂੰ ਲਿਖਿਆ ਹੈ ਕਿ ਹਰਪਾਲ ਸਿੰਘ ਕੇਵਲ ਡਰਾਈਵਰ ਹੈ। ਉਸ ਦਾ ਪ੍ਰਬੰਧਕਾਂ ਨਾਲ ਕੋਈ ਸਬੰਧ ਨਹੀਂ ਹੈ। ਜਿਸ ਤੋਂ ਬਾਅਦ ਡਰਾਈਵਰ ਸ਼ਾਂਤ ਹੋਏ।
ਦੂਜੇ ਪਾਸੇ ਡਰਾਈਵਰ ਯੂਨੀਅਨ ਦੀ ਤਰਫੋਂ ਐਸਡੀਐਮ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਕਿਹਾ ਗਿਆ ਸੀ ਕਿ ਕਈ ਬੱਸਾਂ ਦਾ ਨਾ ਤਾਂ ਬੀਮਾ ਹੈ ਅਤੇ ਨਾ ਹੀ ਕਾਗਜ਼ਾਤ ਪੂਰੇ ਹਨ। ਇੱਥੋਂ ਤੱਕ ਕਿ ਕੁਝ ਬੱਸਾਂ ਪੁਰਾਣੀਆਂ ਹਨ।