ਚੰਡੀਗੜ੍ਹ ਕ੍ਰਾਈਮ ਬ੍ਰਾਂਚ ਅਤੇ ਜ਼ਿਲਾ ਅਪਰਾਧ ਸੈੱਲ ਦੀਆਂ ਟੀਮਾਂ ਨੇ 4 ਦਿਨ ਪਹਿਲਾਂ ਦੋ ਕਲੱਬਾਂ ਦੇ ਬਾਹਰ ਹੋਏ ਬੰਬ ਧਮਾਕਿਆਂ ਦੇ ਮਾਮਲੇ ‘ਚ ਹਿਸਾਰ ਤੋਂ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਗਿਣਤੀ ਦੋ ਤੋਂ ਤਿੰਨ ਦੱਸੀ ਜਾ ਰਹੀ ਹੈ। ਬੰਬ ਧਮਾਕਿਆਂ ਨਾਲ ਸਬੰਧਤ ਮਾਮਲੇ ਵਿੱਚ ਇਹ ਪਹਿਲੀ ਗ੍ਰਿਫ਼ਤਾਰੀ ਹੈ।
ਪੁਲੀਸ ਟੀਮ ਤੁਰੰਤ ਉਨ੍ਹਾਂ ਨੂੰ ਲੈ ਕੇ ਚੰਡੀਗੜ੍ਹ ਲਈ ਰਵਾਨਾ ਹੋ ਗਈ। ਉਨ੍ਹਾਂ ਦੇ ਦੇਰ ਸ਼ਾਮ ਤੱਕ ਇੱਥੇ ਪਹੁੰਚਣ ਦੀ ਉਮੀਦ ਹੈ। ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਕਲੱਬਾਂ ਦੇ ਬਾਹਰ ਬੰਬ ਸੁੱਟਣ ਦੀ ਘਟਨਾ ਦੀ ਜਾਂਚ ਲਈ ਕ੍ਰਾਈਮ ਬ੍ਰਾਂਚ, ਅਪਰੇਸ਼ਨ ਸੈੱਲ ਅਤੇ ਜ਼ਿਲ੍ਹਾ ਕਰਾਈਮ ਸੈੱਲ ਦੀ ਸਾਂਝੀ ਟੀਮ ਬਣਾਈ ਸੀ। ਇਸ ਟੀਮ ਨੇ ਵੀਰਵਾਰ ਨੂੰ ਬੰਬ ਧਮਾਕਿਆਂ ‘ਚ ਸ਼ਾਮਲ ਲੋਕਾਂ ਦੀ ਪਛਾਣ ਕਰ ਲਈ ਸੀ ਅਤੇ ਉਨ੍ਹਾਂ ਦੀ ਭਾਲ ‘ਚ ਹਿਸਾਰ ‘ਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਸੀ।
ਬਾਈਕ ਸਵਾਰ ਨੌਜਵਾਨਾਂ ਨੇ ਮੰਗਲਵਾਰ ਤੜਕੇ 3:15 ਵਜੇ ਚੰਡੀਗੜ੍ਹ ਦੇ ਸੈਕਟਰ-26 ਸਥਿਤ ਸੇਵਿਲ ਬਾਰ ਐਂਡ ਲੌਂਜ ਅਤੇ ਡੀਓਰਾ ਕਲੱਬ ਦੇ ਬਾਹਰ ਬੰਬ ਸੁੱਟੇ। ਇਸ ਕਾਰਨ ਕਲੱਬ ਦਾ ਸ਼ੀਸ਼ਾ ਟੁੱਟ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਮਸ਼ਹੂਰ ਰੈਪਰ ਬਾਦਸ਼ਾਹ ਵੀ ਸੇਵਿਲ ਬਾਰ ਅਤੇ ਲੌਂਜ ਕਲੱਬ ਦੇ ਮਾਲਕਾਂ ‘ਚ ਹਿੱਸੇਦਾਰ ਹਨ। ਲਾਰੈਂਸ ਗੈਂਗ ਨੇ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ।
ਗੋਲਡੀ ਬਰਾੜ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਹੈ। ਹਾਲਾਂਕਿ ਕੁਝ ਸਮੇਂ ਬਾਅਦ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ। ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਇਹ ਪੋਸਟ ਕਿਸ ਫੋਨ ਤੋਂ ਅਤੇ ਕਿੱਥੋਂ ਅਪਲੋਡ ਕੀਤੀ ਗਈ ਸੀ?