ਮਾਨਸੂਨ ਦੀ ਭਾਰੀ ਬਾਰਿਸ਼ ਨਾਲ ਹਿਮਾਚਲ ਦੇ ਪਰਵਾਣੂ ਨੇੜੇ ਚੰਡੀਗੜ੍ਹ-ਸ਼ਿਮਲਾ ਹਾਈਵੇ ‘ਤੇ ਐਤਵਾਰ ਰਾਤ ਢਿੱਗਾਂ ਡਿੱਗਣ ਦੀ ਤਾਜ਼ਾ ਘਟਨਾ ਵਾਪਰੀ। ਚੰਡੀਗੜ੍ਹ-ਸ਼ਿਮਲਾ ਹਾਈਵੇ ‘ਤੇ
ਢਿੱਗਾਂ ਡਿੱਗਣ ਕਾਰਨ ਪਹਾੜਾਂ ਦੀ ਹਿੱਲਜੁਲ ਕਾਰਨ ਸੜਕ ‘ਤੇ ਵੱਡੇ-ਵੱਡੇ ਪੱਥਰ ਡਿੱਗ ਪਏ। ਜਿਸ ਨਾਲ ਇੱਕ ਪੰਜਾਬ ਨੰਬਰ ਦੀ ਗੱਡੀ ਇਨ੍ਹਾਂ ਪੱਥਰਾਂ ਦੀ ਲਪੇਟ ਵਿੱਚ ਆ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਗੱਡੀ ‘ਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਤਿੰਨ ਲੋਕ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਮ੍ਰਿਤਕ ਵਿਅਕਤੀ ਦੀ ਪਹਿਚਾਣ ਦੇਵਰਾਜ ਵਜੋਂ ਹੋਈ ਹੈ। ਜ਼ਖਮੀਆਂ ਦਾ ਈਐਸਆਈ ਹਸਪਤਾਲ ਪਰਵਾਣੂ ਵਿਖੇ ਇਲਾਜ ਚੱਲ ਰਿਹਾ ਹੈ।
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਹਿਮਾਚਲ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਕੁੱਲੂ, ਜ਼ਿਲ੍ਹਾ ਸਿਰਮੌਰ, ਜ਼ਿਲ੍ਹਾ ਬਿਲਾਸਪੁਰ, ਜ਼ਿਲ੍ਹਾ ਸੋਲਨ, ਜ਼ਿਲ੍ਹਾ ਸ਼ਿਮਲਾ ਅਤੇ ਜ਼ਿਲ੍ਹਾ ਕਿਨੌਰ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਹਿਮਾਚਲ ਦੇ ਉੱਚੇ ਪਹਾੜੀ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਸਰਕਾਰ ਦੇ ਨਾਲ ਸਥਾਨਕ ਪ੍ਰਸ਼ਾਸਨ ਨੇ ਸੂਬੇ ਦੇ ਸਾਰੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।