ਅੰਮ੍ਰਿਤਸਰ : ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਚੌਥੀ ਵਾਰ ਸੰਸਦ ਮੈਂਬਰ ਬਣੀ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੀ। ਜਿੱਥੇ ਉਨ੍ਹਾਂ ਨੇ ਗੁਰੂ ਘਰ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਅੱਜ ਮੈਂ ਚੌਥੀ ਵਾਰ ਪਾਰਲੀਮੈਂਟ ਵਿੱਚ ਭੇਜਣ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਆਈ ਹਾਂ। ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਉਸੇ ਹਲਕੇ ਤੋਂ ਲਗਾਤਾਰ ਚੌਥੀ ਵਾਰ ਪਾਰਟੀ ਦੀ ਜਿੱਤ ‘ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਅਤੇ ਵੋਟਰਾਂ ਦਾ ਵੀ ਧੰਨਵਾਦ ਕਰਦੇ ਹਨ। ਜਿਨ੍ਹਾਂ ਨੇ ਸੂਬੇ ਵਿੱਚ ਲਗਾਤਾਰ ਚੌਥੀ ਵਾਰ ਉਨ੍ਹਾਂ ਵਿੱਚ ਵਿਸ਼ਵਾਸ ਜਤਾਇਆ ਹੈ। ਉਹਨਾਂ ਨੇ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ 1800 ਕਰੋੜ ਰੁਪਏ ਦਾ ਹੋਰ ਕਰਜ਼ਾ ਲੈਣ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੇ ਸੂਬੇ ਦੀ ਹਾਲਤ ਬਦ ਤੋਂ ਬਦਤਰ ਕਰ ਦਿੱਤੀ ਹੈ।