ਪੰਜਾਬ ਵਿੱਚ ਨਗਰ ਨਿਗਮ ਚੋਣ ਪ੍ਰਚਾਰ ਦੇ ਆਖਰੀ ਦਿਨ ਵੀਰਵਾਰ ਦੇਰ ਸ਼ਾਮ ਲੁਧਿਆਣਾ ਵਿੱਚ ਮਾਹੌਲ ਗਰਮ ਹੋ ਗਿਆ। ਸੂਫੀਆ ਚੌਕ ਨੇੜੇ ਭਾਜਪਾ ਅਤੇ ਆਮ ਆਦਮੀ ਪਾਰਟੀ (ਆਪ) ਦੇ ਵਰਕਰ ਆਹਮੋ-ਸਾਹਮਣੇ ਹੋ ਗਏ। ‘ਆਪ’ ਵਰਕਰਾਂ ਦਾ ਦੋਸ਼ ਹੈ ਕਿ ਭਾਜਪਾ ਉਮੀਦਵਾਰ ਦਾ ਪਤੀ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਵੀ ਪ੍ਰਚਾਰ ‘ਚ ਲੱਗੇ ਹੋਏ ਸਨ ਅਤੇ ਲੋਕਾਂ ਨੂੰ ਸ਼ਰਾਬ ਵੰਡ ਰਹੇ ਸੀ।
ਇਸ ਮਾਮਲੇ ਵਿੱਚ ਵਾਰਡ ਨੰਬਰ 75 ਤੋਂ ਭਾਜਪਾ ਉਮੀਦਵਾਰ ਦੇ ਪਤੀ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਮੰਤਰੀ ਰਵਨੀਤ ਬਿੱਟੂ ਸਣੇ ਕਈ ਵਰਕਰ ਗ੍ਰਿਫਤਾਰੀ ਦੇਣ ਪੁਲਿਸ ਕਮਿਸ਼ਨਰ ਆਫ਼ਿਸ ਪਹੁੰਚੇ ਹਨ। ਉਨ੍ਹਾਂ ਕਿਹਾ ਆਮ ਆਦਮੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਉਮੀਦਵਾਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਹ ਭਾਜਪਾ ਉਮੀਦਵਾਰਾਂ ਦੇ ਘਰਾਂ ਵਿੱਚ ਛਾਪੇ ਮਾਰ ਰਹੇ ਹਨ। ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਸਾਡੀ (ਭਾਜਪਾ) ਦੀ ਸੀਨੀਅਰ ਲੀਡਰਸ਼ਿਪ ਆ ਗਈ ਹੈ ਸਾਨੂੰ ਗ੍ਰਿਫਤਾਰ ਕਰ ਲਵੋ। ਪਰ ਸਾਡੇ ਵਰਕਰਾਂ ਨੂੰ ਪਰੇਸ਼ਾਨ ਕਰਨਾ ਬੰਦ ਕਰੋ।
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅੱਜ ਸਾਰੇ ਜ਼ਿਲ੍ਹਿਆਂ ਦੇ ਭਾਜਪਾ ਵਰਕਰ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਇਹ ਮੰਗ ਕਰਨਗੇ ਕਿ ਹਲਕਾ ਕੇਂਦਰੀ ਦੇ ਏਸੀਪੀ ਵਿਨੋਦ ਭਨੋਟ ਨੂੰ ਹਟਾਇਆ ਜਾਵੇ ਕਿਉਂਕਿ ਉਹ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੇ ਪੁਰਾਣੇ ਸਾਥੀ ਹਨ।
ਬਿੱਟੂ ਨੇ ਕਿਹਾ ਕਿ ਥਾਣਿਆਂ ਦੇ ਐਸਐਚਓ ਭਾਜਪਾ ਦੇ ਮੰਡਲ ਪ੍ਰਧਾਨਾਂ ਨੂੰ ਧਮਕੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਸਾਰੇ ਜ਼ਿਲ੍ਹਾ ਭਾਜਪਾ ਦੇ ਅਹੁਦੇਦਾਰ ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਮੰਗ ਪੱਤਰ ਦੇਣਗੇ। ਲੁਧਿਆਣਾ ‘ਚ ਪੁਲਿਸ ਵਿਧਾਇਕਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੀ ਹੈ।