ਗੁਰਦੁਆਰਾ ਅੜੀਸਰ ਸਾਹਿਬ ਪਿੰਡ ਧੌਲਾ, ਹੰਡਿਆਇਆ ਅਤੇ ਪਿੰਡ ਚੂੰਘ ਦੀ ਸਾਂਝੀ ਜੂਹ ‘ਤੇ ਵਸਿਆ ਹੈ। ਬਰਨਾਲਾ-ਬਠਿੰਡਾ ਸੜਕ ਤੇ ਬਰਨਾਲਾ ਤੋਂ ਕੋਈ 8 ਕਿਲੋਮੀਟਰ ਦੂਰ ਹੈ। ਇਸ ਗੁਰਦੁਆਰਾ ਸਾਹਿਬ ਨੂੰ ਕੂਕਾ ਸਿੱਖ ਮਹੰਤ ਭਗਤ ਸਿੰਘ ਨੇ 1920 ਦੇ ਨੇੜੇ-ਤੇੜੇ ਬਣਾਇਆ ਸੀ।
ਇਸ ਗੁਰੂਘਰ ਦੇ ਇਤਿਹਾਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਜੋੜਿਆ ਜਾਂਦਾ ਹੈ। ਇਸ ਗੁਰੂ ਘਰ ਦਾ ਇਤਿਹਾਸ ਹੈ ਕਿ ਗੁਰੂ ਤੇਗ ਬਹਾਦਰ ਜੀ 1722 ਵਿਚ ਮਾਲਵਾ ਖੇਤਰ ਦੀ ਫੇਰੀ ਦੌਰਾਨ ਪਿੰਡ ਹੰਡਿਆਇਆ ਵਿਚ ਇਸ ਸਥਾਨ ’ਤੇ ਆਏ ਸਨ। ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਕੱਚੇ ਰਸਤੇ ਤੋਂ ਪੈਦਲ ਚੱਲ ਕੇ ਇਸ ਅਸਥਾਨ ‘ਤੇ ਪਹੁੰਚੇ ਤਾਂ ਉਨ੍ਹਾਂ ਦਾ ਘੋੜਾ ਪੱਕਾ ਖੜ੍ਹਾ ਹੋ ਗਿਆ ਅਤੇ ਸੰਗਤਾਂ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਕੀ ਕਾਰਨ ਹੈ ਕਿ ਇਸ ਅਸਥਾਨ ‘ਤੇ ਘੋੜਾ ਅੱਗੇ ਨਹੀਂ ਜਾ ਰਿਹਾ ਹੈ। ਪਤਾ ਚਲਿਆ ਕਿ ਇਥੇ ਤੰਬਾਕੂ ਦਾ ਖੇਤ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਉਹਨਾਂ ਦਾ ਘੋੜਾ ਤੰਬਾਕੂ ਦੇ ਖੇਤ ਵਿਚ ਪੈਰ ਨਹੀਂ ਰੱਖਦਾ, ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਕਿਹਾ ਕਿ ਉਹਨਾਂ ਦਾ ਘੋੜਾ ਕਿੱਥੇ ਫਸਿਆ ਹੋਇਆ ਸੀ, ਉਸ ਸਮੇਂ ਸ਼੍ਰੀ ਤੇਗ ਬਹਾਦਰ ਜੀ ਨੇ ਵਚਨ ਦਿੱਤਾ ਸੀ ਕਿ ਜੋ ਵੀ ਇਥੇ ਆਵੇਗਾ ਉਹ ਇਸ ਅਸਥਾਨ ‘ਤੇ ਗੁਰੂ ਦਾ ਸਿਮਰਨ ਕਰੇਗਾ। ਸੱਚੇ ਦਿਲ ਅਤੇ ਜੋ ਕੋਈ ਵੀ ਸੁੱਖਣਾ ਮੰਗਦਾ ਹੈ ਉਹ ਪੂਰਾ ਹੋਵੇਗਾ ਅਤੇ ਉਨ੍ਹਾਂ ਦਾ ਕੰਮ ਸਫਲ ਹੋਵੇਗਾ। ਅੱਜ ਇਸ ਗੁਰਦੁਆਰੇ ਵਿਚ ਅਟੁੱਟ ਲੰਗਰ ਭੰਡਾਰੇ ਦਾ ਭਰਪੂਰ ਪ੍ਰਬੰਧ ਹੈ।
1920 ਤੋਂ ਪਹਿਲਾਂ ਇਥੇ ਇੱਕ ਛੱਪੜ ਅਤੇ ਝਿੜੀ ਸੀ ਜਿਸ ਨੂੰ ‘ਗਿੱਦੜੀ ਵਾਲਾ ਬੰਨਾ’ ਆਖਿਆ ਜਾਂਦਾ ਸੀ। ਪਿੰਡ ਧੌਲਾ ਅਤੇ ਹੰਡਿਆਇਆ ਦੇ ਡਾਂਗਰੀ ਇਥੇ ਡੰਗਰ ਚਾਰਨ ਆਉਂਦੇ ਸਨ। ਕੂਕਾ ਭਗਤ ਸਿੰਘ ਪਿੰਡ ਹੰਡਿਆਇਆ ਦੇ ਕੱਚੇ ਗੁਰੂਸਰ ਵਿਖੇ ਸੇਵਾਦਾਰ ਸਨ ਉਹਨਾਂ ਨੂੰ ਇੱਕ ਦਿਨ ਅਕਾਸ਼ਬਾਣੀ ਹੋਈ ਕਿ ਤੂੰ ‘ਅੜੀਸਰ ਥਾਂ’ ਦੀ ਖੋਜ ਕਰ। ਇਹ ਅਦਮੀ ਦੋ ਪਿੰਡਾਂ ਦੀ ਸਾਂਝੀ ਜੂਹ ਤੇ ਖਾਲੀ ਪਈ ਜਮੀਨ ਤੇ ਆ ਕੇ ਬੈਠ ਗਿਆ ਜਿੱਥੇ ਪਿੰਡ ਧੌਲਾ ਦੇ ਪਾਲ਼ੀ ਮੁੰਡੇ ਕਿਰਪਾਲ ਸਿੰਘ, ਕਰਤਾਰ ਸਿੰਘ ਆਦਿ ਇਹਨਾਂ ਲਈ ਰੋਟੀ ਲੈ ਜਾਂਦੇ। ਬਾਅਦ ਵਿੱਚ ਇਸ ਸਿੱਖ ਨੇ ਛੋਟਾ ਜਿਹਾ ਨਿਸ਼ਾਨ ਸਾਹਿਬ ਲਾ ਕੇ ਗੁਰਦੁਆਰਾ ਸਾਹਿਬ ਜੀ ਨੀਂਹ ਰੱਖ ਦਿੱਤੀ। ਭਗਤ ਸਿੰਘ ਤੋਂ ਬਾਅਦ ਮਹੰਤ ਬਖਤੌਰ ਸਿੰਘ ਪਿੰਡ ਉੱਪਲੀ, ਮਹੰਤ ਲਾਲ ਸਿੰਘ ਭਦੌੜ ਨੇ ਮਹੰਤ ਭਰਪੂਰ ਸਿੰਘ ਕੋਠੇ ਚੂੰਘ ਸੇਵਾਦਾਰ ਰਹੇ। ਹੁਣ ਇਹ ਗੁਰੂਘਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੈ ਪਰ ਮਹੰਤ ਪ੍ਰੰਪਰਾ ਅਨੁਸਾਰ ਸੇਵਾ ਰਾਮ ਸਿੰਘ ਨੂੰ ਦਿੱਤੀ ਹੋਈ ਸੀ। ਰਾਮ ਸਿੰਘ ਨੂੰ ਜੂਨ 2020 ਵਿੱਚ ਗੈਰਇਖਲਾਕੀ ਦੋਸ਼ ਅਧੀਨ ਸੇਵਾ ਤੋਂ ਹਟਾ ਦਿੱਤਾ ਗਿਆ। 1997 ਵਿੱਚ ਇਸ ਗੁਰੂਘਰ ਦੀ ਪੁਨਰ ਉਸਾਰੀ ਦਾ ਕੰਮ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਨੇ ਸ਼ੁਰੂ ਕੀਤਾ। ਅੱਜ ਕੱਲ੍ਹ ਇੱਥੇ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਅਤੇ ਕਾਰਸੇਵਾ ਵਾਲੇ ਬਾਬਾ ਬਾਬੂ ਸਿੰਘ ਪ੍ਰਬੰਧਕ ਹਨ। ਇਸ ਗੁਰੂ ਘਰ ਵਿੱਚ ਹਰ ਐਤਵਾਰ ਮੇਲਾ ਲੱਗਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਗੁਰੂ ਘਰ ਤੋਂ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।