ਪੰਜਾਬੀ ਦੇ ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ ਨੂੰ ਕਪੂਰਥਲਾ ਦੀ ਅਦਾਲਤ ਨੇ 10 ਨਵੰਬਰ ਨੂੰ ਹੋਣ ਵਾਲੇ ਸ਼ੋਅ ਨੂੰ ਲੈਕੇ ਸੰਮਨ ਜਾਰੀ ਕੀਤੇ ਹਨ।ਇਹ ਸ਼ੋਅ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਦੀ ਹਾਕੀ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਸੀ। ਕਪੂਰਥਲਾ ਅਦਾਲਤ ਵਿੱਚ ਇਹ ਪਟੀਸ਼ਨ ਸ਼ਹਿਰ ਦੇ ਸੀਨੀਅਰ ਵਕੀਲ ਅਤੇ ਖਿਡਾਰੀ ਐੱਸ ਐੱਸ ਮੱਲੀ ਨੇ ਦਾਖਿਲ ਕੀਤੀ ਹੈ।ਉਨ੍ਹਾਂ ਨੇ ਪਟੀਸ਼ਨ ਵਿੱਚ ਕਿਹਾ ਹੈ ਕਿ ਸਟੇਡੀਅਮ ਦੀ ਵਪਾਰਿਕ ਵਰਤੋ ਨਿਯਮਾਂ ਦੇ ਖਿਲਾਫ ਹੈ। ਜਿਸ ਤੇ ਅਦਾਲਤ ਵਲੋਂ ਸਤਿੰਦਰ ਸਰਤਾਜ ਤੇ ਉਨ੍ਹਾਂ ਦੀ ਕੰਪਨੀ ਫਿਰਦੋਸ਼ ਪ੍ਰੋਡਕਸ਼ਨ ਨੂੰ ਸੰਮਨ ਜਾਰੀ ਕਰਕੇ ਤਲਬ ਕੀਤਾ ਹੈ।
ਪਟੀਸ਼ਨ ਦਾਇਰ ਕਰਨ ਵਾਲੇ ਐੱਸ ਐੱਸ ਮੱਲੀ ਨੇ ਕਿਹਾ ਕਿ ਮੱਲ੍ਹੀ ਦਾ ਕਹਿਣਾ ਹੈ ਕਿ ਸ਼ੋਅ ਦੀਆਂ ਬਹੁਤੀਆਂ ਟਿਕਟਾਂ ਵਿਕ ਚੁੱਕੀਆਂ ਹਨ। ਗਾਇਕ ਸਰਤਾਜ ਵੱਲੋਂ ਸਟੇਡੀਅਮ ਦੀ ਵਪਾਰਕ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਕਪੂਰਥਲਾ ਵਿੱਚ ਇਹ ਕੇਵਲ ਇੱਕੋ ਸਟੇਡੀਅਮ ਹੈ, ਇਹ ਖੇਡ ਅਤੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦਾ ਹੈ। ਨਿਯਮਾਂ ਅਨੁਸਾਰ ਜੇ ਕਿਸੇ ਨੇ ਸਟੇਡੀਅਮ ਵਿੱਚ ਕੋਈ ਪ੍ਰੋਗਰਾਮ ਕਰਨਾ ਹੋਵੇ ਤਾਂ ਇਸ ਨੂੰ ਲੋਕ ਹਿੱਤ ਵਿੱਚ ਕਿਰਾਏ ’ਤੇ ਦਿੱਤਾ ਜਾ ਸਕਦਾ ਹੈ, ਨਾ ਕਿ ਵਪਾਰਕ ਪ੍ਰੋਗਰਾਮਾਂ ਲਈ।
ਇਸ ਮਾਮਲੇ ਵਿੱਚ ਜ਼ਿਲ੍ਹਾ ਸਪੋਰਟਸ ਅਫਸਰ ਸ਼ਾਸ਼ਵਤ ਰਾਜ਼ਦਾਨ ਨੇ ਕਿਹਾ ਕਿ ਉਨ੍ਹਾਂ ਨੇ ਇਸ ਸ਼ੋਅ ਦੀ ਆਗਿਆ ਨਹੀਂ ਦਿੱਤੀ, ਇਸ ਸ਼ੋਅ ਦੀ ਫਾਈਲ ਬਣਾ ਕੇ ਡਾਇਰੈਕਟਰ ਸਪੋਰਟਸ ਨੂੰ ਭੇਜੀ ਗਈ ਹੈ, ਉਨ੍ਹਾਂ ਵਲੋਂ ਅਜੇ ਤੱਕ ਕੋਈ ਮਨਜ਼ੂਰੀ ਨਹੀਂ ਆਈ ਹੈ, ਅਜੇ ਇਸ ਮਾਮਲੇ ਵਿੱਚ ਕੁਝ ਵੀ ਨਹੀਂ ਕਿਹਾ ਜਾ ਸਕਦਾ ਹੈ।