ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਦੌਰਾਨ ਸਿੰਘ ਸਾਹਿਬਾਨ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਅਨੁਸਾਰ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਲਈ ਪੁੱਜੇ ਹਨ। ਇਸਦੇ ਨਾਲ-ਨਾਲ ਅਕਾਲੀ ਆਗੂ ਵੀ ਅੱਜ ਆਪਣੀ ਸਜ਼ਾ ਭੁਗਤਣ ਲਈ ਉੱਥੇ ਪਹੁੰਚ ਗਏ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸੁਣਾਈ ਗਈ ਸਜ਼ਾ ਮੁਤਾਬਿਕ ਅੱਜ ਅਕਾਲੀ ਆਗੂ ਸੁਖਬੀਰ ਬਾਦਲ ਪਹਿਲਾਂ ਦਰਬਾਰ ਸਾਹਿਬ ਦੇ ਬਾਹਰ ਪਰਕਿਰਮਾ ਵਿੱਚ ਪਹਿਰੇਦਾਰ ਦੀ ਭੂਮਿਕਾ ਨਿਭਾ ਰਹੇ ਹਨ। ਇਸ ਦੌਰਾਨ ਉਹ ਵੀਲ੍ਹ ਚੇਅਰ ਉੱਤੇ ਬੈਠ ਕੇ ਨੀਲਾ ਬਾਣਾ ਪਾਕੇ ਪਹੁੰਚੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਗਲ਼ ਵਿੱਚ ਸਜ਼ਾ ਸਬੰਧੀ ਤਖ਼ਤੀ ਹੈ ਅਤੇ ਨਾਲ ਹੀ ਹੱਥ ਵਿੱਚ ਪਹਿਰੇਦਾਰਾਂ ਵਾਲਾ ਬਰਸ਼ਾ ਵੀ ਹੈ।