ਖੰਨਾ, 6 ਦਸੰਬਰ : ਅੱਜ ਯਾਨੀ ਸ਼ੁੱਕਰਵਾਲ ਦੀ ਸਵੇਰ ਕਰੀਬ 6 ਵਜੇ ਨੈਸ਼ਨਲ ਹਾਈਵੇ ਖੰਨਾ ਵਿਖੇ ਪੁੱਲ ਉੱਪਰ ਇਕ ਤੋਂ ਬਾਅਦ ਇਕ ਪੰਜ ਗੱਡੀਆਂ ਦੀ ਆਪਸ ‘ਚ ਟੱਕਰ ਹੋ ਗਈ। ਜਿਸ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਲੇਕਿਨ ਸਾਰੀਆਂ ਗੱਡੀਆਂ ਦਾ ਭਾਰੀ ਨੁਕਸਾਨ ਹੋ ਗਿਆ ਹੈ। ਜਿਸ ਕਾਰਨ ਹਾਈਵੇ ‘ਤੇ ਵੱਡਾ ਜਾਮ ਲੱਗ ਗਿਆ ਅਤੇ ਰਾਹਗੀਰਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ।
ਮਿਲੀ ਜਾਣਕਾਰੀ ਅਨੁਸਾਰ ਸਵੇਰੇ ਇਕ ਮਿਰਚਾਂ ਨਾਲ ਭਰੇ ਕੈਂਟਰ ਨੇ ਅੱਗੇ ਜਾ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਨੰਬਰ ਐਚਆਰ73ਜੀਵਾਈ-3692 ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਪਿਛੋਂ ਆ ਰਹੀਆਂ ਗੱਡੀਆਂ ਵੀ ਇਕ ਦੂਜੇ ਨਾਲ ਟੱਕਰਾ ਗਈਆਂ ਅਤੇ ਇੱਕ ਕੰਟੇਨਰ ਨੰਬਰ ਆਰਜੇ14ਜੀਜੀ-8261 ਵੀ ਮਿਰਚਾਂ ਵਾਲੇ ਕੈਂਟਰ ਵਿਚ ਜਾ ਟਕਰਾਇਆ ਜਿਸ ਨੇ ਹਾਈਵੇ ਜਾਮ ਕਰ ਦਿੱਤਾ। ਕੰਟੇਨਰ ਦਾ ਡਰਾਈਵਰ ਮੌਕੇ ‘ਤੇ ਫਰਾਰ ਹੋ ਗਿਆ। ਜਿਸ ਵਿਚ ਐਮਾਜ਼ੋਨ ਕੰਪਨੀ ਦਾ ਸੋਨੀਪਤ ਤੋਂ ਲੁਧਿਆਣਾ ਜਾ ਰਿਹਾ ਕੈਂਟਰ ਨੰਬਰ ਐਚਆਰ39ਐਫ਼-8669 ਬੁਰੀ ਤਰ੍ਹਾਂ ਜਾ ਟਕਰਾਇਆ ਅਤੇ ਉਸ ਪਿਛੇ ਇਕ ਹੋਰ ਹਰਿਆਣਾ ਨੰਬਰ ਐਚਆਰ69ਸੀ-9079 ਕੈਂਟਰ ਜਾ ਵੱਜਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਐਸ.ਐਫ਼ ਦੀ ਟੀਮ ਨੇ ਮੌਕੇ ਤੇ ਪੁੱਜ ਕੇ ਦੁਰਘਟਨਾਗ੍ਰਸਤ ਵਾਹਨਾਂ ਨੂੰ ਹਾਈਵੇ ਤੋਂ ਹਟਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਅਤੇ ਜਖਮੀਆਂ ਨੂੰ ਰਾਹਗੀਰਾਂ ਦੀ ਮਦਦ ਨਾਲ ਨੇੜਲੇ ਸਿਵਲ ਹਸਪਤਾਲ ਪਹੁੰਚਾਇਆ।