ਚੋਰਾਂ ਨੇ ਘਰ ਦਾ ਮੇਨ ਗੇਟ ਦਾ ਤਾਲਾ ਖੋਲ੍ਹ ਕੇ ਘਰ ਅੰਦਰ ਦਾਖਲ ਹੋਏ, ਫਿਰ ਅਲਮਾਰੀ ਦਾ ਤਾਲਾ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਚੋਰਾਂ ਨੇ ਘਰ ਦੀ ਅਲਮਾਰੀ ‘ਚੋਂ 90 ਲੱਖ ਰੁਪਏ ਦੀ ਨਕਦੀ ਤੇ ਗਹਿਣੇ ਚੋਰੀ ਕਰ ਲਏ। ਇਹ ਘਟਨਾ ਮਨਦੀਪ ਨਗਰ ਇਲਾਕੇ ਦੀ ਹੈ। ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਪਰਿਵਾਰ ਕਈ ਦਿਨਾਂ ਤੋਂ ਬਾਅਦ ਘਰ ਪਰਤਿਆ। ਇਸ ਸਬੰਧੀ ਥਾਣਾ ਪੀ.ਏ.ਯੂ. ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਅਤੇ ਸਿਮਰਨਜੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਪੀ.ਏ.ਯੂ. ਐੱਸ.ਐੱਚ.ਓ. ਰਜਿੰਦਰਪਾਲ ਨੇ ਦੱਸਿਆ ਕਿ ਥਾਣਾ ਲਾਡੋਵਾਲ ਅਧੀਨ ਆਉਂਦੀ
ਹੰਬੜਾਂ ਚੌਕੀ ਵਿੱਚ ਤਾਇਨਾਤ ਪੁਲੀਸ ਮੁਲਾਜ਼ਮ ਦੇ ਸਹੁਰਿਆਂ ਦਾ ਘਰ ਹੈ। ਇਸ ਮਾਮਲੇ ਵਿੱਚ ਸਿਮਰਨਜੀਤ ਸਿੰਘ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਹੈ ਕਿ ਉਹ ਬਠਿੰਡਾ ਤੋਂ ਵੈਟਰਨਰੀ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਉਸ ਦੀਆਂ ਤਿੰਨ ਭੈਣਾਂ ਹਨ। ਉਸ ਦੀ ਮਾਂ ਉਸ ਦੇ ਨਾਲ ਮਨਦੀਪ ਨਗਰ ਸਥਿਤ ਘਰ ਵਿਚ ਰਹਿੰਦੀ ਹੈ। ਉਸ ਦੀ ਭੈਣ ਗੁਰਪ੍ਰੀਤ ਕੌਰ ਦੇ ਪਤੀ ਦੀ ਮੌਤ ਹੋ ਜਾਣ ਕਾਰਨ ਉਹ ਆਪਣੀਆਂ ਦੋ ਧੀਆਂ ਸਮੇਤ ਪਿਛਲੇ ਸੱਤ ਸਾਲਾਂ ਤੋਂ ਉਸ ਦੇ ਘਰ ਰਹਿ ਰਹੀ ਹੈ। ਜਦਕਿ ਉਸ ਦੀ ਇੱਕ ਭੈਣ ਲਵਪ੍ਰੀਤ ਕੌਰ ਪਿੰਡ ਜੈਨਪੁਰ ਵਿੱਚ ਵਿਆਹੀ ਹੋਈ ਹੈ। ਸ਼ਿਕਾਇਤਕਰਤਾ ਨੇ ਕਰੀਬ ਅੱਠ ਮਹੀਨੇ ਪਹਿਲਾਂ ਦੋਰਾਹਾ ਨੇੜੇ ਪਿੰਡ ਜੈਪੁਰਾ ਵਿੱਚ ਇੱਕ ਜਾਇਦਾਦ ਖਰੀਦੀ ਸੀ। 01 ਨਵੰਬਰ ਨੂੰ ਰਾਤ ਕਰੀਬ 10 ਵਜੇ ਉਹ ਆਪਣੀ ਮਾਂ ਅਤੇ ਦੋ ਭੈਣਾਂ ਨਾਲ ਘਰ ਨੂੰ ਤਾਲਾ ਲਗਾ ਕੇ ਦੋਰਾਹਾ ਵਿਖੇ ਕੁਝ ਦਿਨਾਂ ਲਈ ਰਹਿਣ ਲਈ ਚਲਾ ਗਿਆ। ਸ਼ਿਕਾਇਤਕਰਤਾ ਦੀ ਭੈਣ ਹਰਪ੍ਰੀਤ ਕੌਰ ਇੱਕ ਸ਼ੋਅਰੂਮ ਵਿੱਚ ਕੰਮ ਕਰਦੀ ਹੈ, ਜਦਕਿ ਉਸਦੀ ਭਤੀਜੀ ਮਨਪ੍ਰੀਤ ਕੌਰ ਇੱਕ ਲੋਨ ਕੰਪਨੀ ਵਿੱਚ ਕੰਮ ਕਰਦੀ ਹੈ, ਜੋ ਕੰਮ ਤੋਂ ਵਾਪਸ ਦੋਰਾਹਾ ਆ ਜਾਂਦੀ ਸੀ।ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ 04 ਨਵੰਬਰ ਨੂੰ ਜਦੋਂ ਉਹ ਸਵੇਰੇ 9 ਵਜੇ ਦੇ ਕਰੀਬ ਘਰ ਵਾਪਸ ਆਇਆ ਤਾਂ ਦੇਖਿਆ ਕਿ ਘਰ ਦੇ ਮੁੱਖ ਗੇਟ ਨੂੰ ਤਾਲਾ ਨਹੀਂ ਲੱਗਿਆ ਹੋਇਆ ਸੀ। ਘਰ ਦੇ ਅੰਦਰ ਅਲਮਾਰੀ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਅਲਮਾਰੀ ‘ਚੋਂ ਕਰੀਬ 90 ਲੱਖ ਰੁਪਏ ਦੀ ਨਕਦੀ ਅਤੇ ਲੱਖਾਂ ਦੇ ਗਹਿਣੇ ਚੋਰੀ ਹੋ ਗਏ ਹਨ। ਇਸੇ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਨੇੜੇ ਲੱਗੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।