ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਖਾਣਾ ਖਾਣ ਤੋਂ ਬਾਅਦ ਥੋੜ੍ਹੀ ਜਿਹੀ ਸੈਰ ਕਰਨਾ ਇੱਕ ਅਜਿਹੀ ਆਦਤ ਹੈ ਜੋ ਨਾ ਸਿਰਫ਼ ਪਾਚਨ ਪ੍ਰਣਾਲੀ ਨੂੰ ਸਿਹਤਮੰਦ ਰੱਖਦੀ ਹੈ ਬਲਕਿ ਸਰੀਰ ਨੂੰ ਹੋਰ ਵੀ ਕਈ ਫਾਇਦੇ ਦਿੰਦੀ ਹੈ। ਖਾਸ ਕਰਕੇ, ਖਾਣਾ ਖਾਣ ਤੋਂ ਬਾਅਦ ਸਿਰਫ਼ 5 ਮਿੰਟ ਦੀ ਸੈਰ ਕਰਨ ਨਾਲ ਕਈ ਸਿਹਤ ਲਾਭ ਮਿਲ ਸਕਦੇ ਹਨ। ਆਓ ਜਾਣਦੇ ਹਾਂ ਕਿ ਇਹ ਛੋਟੀ ਜਿਹੀ ਆਦਤ ਤੁਹਾਡੀ ਸਿਹਤ ਲਈ ਕਿਵੇਂ ਫਾਇਦੇਮੰਦ ਸਾਬਤ ਹੋ ਸਕਦੀ ਹੈ।
ਪਾਚਨ ਪ੍ਰਣਾਲੀ ਨੂੰ ਬਣਾਏ ਮਜ਼ਬੂਤ
ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਪਾਚਨ ਤੰਤਰ ਸਹੀ ਰਹਿੰਦਾ ਹੈ। ਜਦੋਂ ਅਸੀਂ ਸੈਰ ਕਰਦੇ ਹਾਂ ਤਾਂ ਸਰੀਰ ਵਿੱਚ ਖੂਨ ਦਾ ਸੰਚਾਰ ਵਧਦਾ ਹੈ, ਜੋ ਪਾਚਨ ਪ੍ਰਕਿਰਿਆ ਨੂੰ ਤੇਜ਼ ਕਰਦਾ ਹੈ। ਇਹ ਭੋਜਨ ਨੂੰ ਆਸਾਨੀ ਨਾਲ ਪਚਾਉਣ ਵਿੱਚ ਮਦਦ ਕਰਦਾ ਹੈ ਅਤੇ ਗੈਸ, ਐਸੀਡਿਟੀ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ। ਨਾਲ ਹੀ ਇਹ ਅੰਤੜੀਆਂ ਦੀ ਸਿਹਤ ਨੂੰ ਸੁਧਾਰਦਾ ਹੈ ਜਿਸ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ।
ਬਲੱਡ ਸ਼ੂਗਰ ਦੇ ਪੱਧਰ ਨੂੰ ਕਰੇ ਕੰਟਰੋਲ
ਖਾਣਾ ਖਾਣ ਤੋਂ ਬਾਅਦ ਸੈਰ ਕਰਨਾ ਸ਼ੂਗਰ ਦੇ ਮਰੀਜ਼ਾਂ ਲਈ ਖਾਸ ਤੌਰ ‘ਤੇ ਫਾਇਦੇਮੰਦ ਹੁੰਦਾ ਹੈ। ਖਾਣਾ ਖਾਣ ਤੋਂ ਬਾਅਦ ਸ਼ੂਗਰ ਲੈਵਲ ਵੱਧ ਜਾਂਦਾ ਹੈ, ਪਰ 5-10 ਮਿੰਟ ਦੀ ਸੈਰ ਕਰਨ ਨਾਲ ਸਰੀਰ ਵਿੱਚ ਇਨਸੁਲਿਨ ਉਤਪਾਦਨ ਵਿੱਚ ਸੁਧਾਰ ਹੁੰਦਾ ਹੈ ਅਤੇ ਬਲੱਡ ਸ਼ੂਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ। ਇਹ ਆਦਤ ਟਾਈਪ-2 ਸ਼ੂਗਰ ਦੇ ਜੋਖਮ ਨੂੰ ਵੀ ਘਟਾਉਂਦੀ ਹੈ।
ਭਾਰ ਘਟਾਉਣ ਵਿੱਚ ਮਦਦਗਾਰ
ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਖਾਣਾ ਖਾਣ ਤੋਂ ਬਾਅਦ ਸੈਰ ਕਰਨਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਹ ਸਰੀਰ ਵਿੱਚ ਕੈਲੋਰੀ ਬਰਨ ਕਰਨ ਵਿੱਚ ਮਦਦ ਕਰਦਾ ਹੈ ਅਤੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ। ਭੋਜਨ ਤੋਂ ਬਾਅਦ ਨਿਯਮਿਤ ਤੌਰ ‘ਤੇ ਸੈਰ ਕਰਨ ਨਾਲ ਸਰੀਰ ਵਿੱਚ ਵਾਧੂ ਚਰਬੀ ਘੱਟ ਜਾਂਦੀ ਹੈ ਅਤੇ ਭਾਰ ਕੰਟਰੋਲ ਵਿੱਚ ਰਹਿੰਦਾ ਹੈ।
ਦਿਲ ਦੀ ਸਿਹਤ ਲਈ ਫਾਇਦੇਮੰਦ
ਖਾਣਾ ਖਾਣ ਤੋਂ ਬਾਅਦ ਸੈਰ ਕਰਨਾ ਵੀ ਦਿਲ ਲਈ ਬਹੁਤ ਵਧੀਆ ਹੁੰਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ ਅਤੇ ਦਿਲ ਸਿਹਤਮੰਦ ਰਹਿੰਦਾ ਹੈ।
ਤਣਾਅ ਨੂੰ ਕਰੇ ਘਟ
ਖਾਣਾ ਖਾਣ ਤੋਂ ਬਾਅਦ ਸੈਰ ਕਰਨਾ ਨਾ ਸਿਰਫ਼ ਸਰੀਰਕ ਸਿਹਤ ਲਈ, ਸਗੋਂ ਮਾਨਸਿਕ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਇਹ ਤਣਾਅ ਅਤੇ ਚਿੰਤਾ ਨੂੰ ਘਟਾਉਂਦਾ ਹੈ ਅਤੇ ਮੂਡ ਨੂੰ ਸੁਧਾਰਦਾ ਹੈ। ਸੈਰ ਕਰਨ ਨਾਲ ਸਰੀਰ ਵਿੱਚ ਐਂਡੋਰਫਿਨ ਹਾਰਮੋਨਸ ਦਾ ਪੱਧਰ ਵਧਦਾ ਹੈ, ਜਿਸ ਨਾਲ ਖੁਸ਼ੀ ਦਾ ਅਹਿਸਾਸ ਹੁੰਦਾ ਹੈ।