ਪੰਜਾਬ ਦੇ ਲੁਧਿਆਣਾ ਦੇ ਟਿੱਬਾ ਰੋਡ ‘ਤੇ ਕਰੀਬ 15 ਤੋਂ 20 ਲੋਕਾਂ ਨੇ ਗੁੰਡਾਗਰਦੀ ਕੀਤੀ। ਨੌਜਵਾਨਾਂ ਨੇ ਸ਼ਰੇਆਮ ਇੱਕ ਦੁਕਾਨ ਵਿੱਚ ਵੜ ਕੇ ਲੁੱਟ ਕੀਤੀ। ਹਮਲਾਵਰਾਂ ਨੇ ਉਸ ਦੁਕਾਨ ਦੇ ਸ਼ੀਸ਼ੇ ਤੋੜ ਦਿੱਤੇ। ਇਲਾਕੇ ‘ਚ ਇੱਟਾਂ -ਪੱਥਰਾਂ ਨਾਲ ਭਾਰੀ ਪਥਰਾਅ ਕੀਤਾ ਗਿਆ। ਬਦਮਾਸ਼ਾਂ ਨੇ ਸੜਕ ‘ਤੇ ਖੜ੍ਹੇ ਲੋਕਾਂ ਦੇ ਵਾਹਨਾਂ ਅਤੇ ਇਕ ਕਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਗੁੰਡਾਗਰਦੀ ਕਾਰਨ ਇਲਾਕੇ ਵਿੱਚ ਡਰ ਦਾ ਮਾਹੌਲ ਹੈ।
ਘਟਨਾ ਵਾਲੀ ਥਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਇਸ ਵਾਰਦਾਤ ਦੀ ਫੁਟੇਜ ਵੀ ਕੈਦ ਹੋ ਗਈ। ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਲਵਦੀਪ ਨੇ ਦੱਸਿਆ ਕਿ ਉਸ ਦੀ ਰੈਡੀਮੇਡ ਕੱਪੜਿਆਂ ਦੀ ਦੁਕਾਨ ਹੈ। ਜੋ ਕਿ ਘਰ ਦੇ ਬਾਹਰ ਹੀ ਹੈ। ਇੱਕ ਦਿਨ ਪਹਿਲਾਂ ਵੀ ਇਲਾਕੇ ਵਿੱਚ ਦੋ ਧਿਰਾਂ ਵਿੱਚ ਝੜਪ ਹੋ ਗਈ ਸੀ।
ਲਵਦੀਪ ਨੇ ਦੱਸਿਆ ਕਿ ਅਗਲੇ ਹੀ ਦਿਨ ਮੁਲਜ਼ਮ ਉਸ ਦੀ ਦੁਕਾਨ ’ਚ ਦਾਖ਼ਲ ਹੋਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਦੁਕਾਨ ਦੀ ਭੰਨਤੋੜ ਵੀ ਕੀਤੀ ਅਤੇ ਦੁਕਾਨ ਦੇ ਬਾਹਰ ਖੜ੍ਹੀ ਕਾਰ ਸਮੇਤ ਕਈ ਵਾਹਨਾਂ ਦੀ ਭੰਨਤੋੜ ਕੀਤੀ। ਲੁਟੇਰਿਆਂ ਨੇ ਗੱਡੀ ਵਿੱਚ ਪਈ 78 ਹਜ਼ਾਰ 800 ਰੁਪਏ ਦੀ ਨਕਦੀ ਵੀ ਲੁੱਟ ਲਈ।
ਲਵਦੀਪ ਨੇ ਦੱਸਿਆ ਕਿ ਹਮਲਾਵਰਾਂ ਨੇ ਮੇਰੇ ਚਾਚੇ ਦਾ ਮੋਬਾਈਲ ਫੋਨ ਵੀ ਖੋਹ ਲਿਆ। ਫਿਲਹਾਲ ਥਾਣਾ ਟਿੱਬਾ ਦੀ ਪੁਲਸ ਨੇ ਦੋਸ਼ੀ ਜਸਪਾਲ ਰਾਣਾ, ਮਨੋਜ ਕੁਮਾਰ, ਨਮਨ ਬਾਂਸਲ, ਅਮਨ ਨਾਗਪਾਲ, ਕਰਨਪ੍ਰੀਤ ਅਤੇ ਦੀਪਕ ਕੁਮਾਰ ਸਮੇਤ 10 ਤੋਂ 12 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।