ਲੁਧਿਆਣਾ, 21 ਅਕਤੂਬਰ। ਕੈਨੇਡਾ ਤੋਂ ਤਿੰਨ ਦਿਨ ਪਹਿਲਾਂ ਆਏ ਐਨਆਰਆਈ ਸਿੰਦਰ ਸਿੰਘ (58) ਦੀ ਪੱਖੋਵਾਲ ਰੋਡ ’ਤੇ ਸਥਿਤ ਓਮੈਕਸ ਰੈਜ਼ੀਡੈਂਸੀ ਦੀ 13ਵੀਂ ਮੰਜ਼ਿਲ ਤੋਂ ਡਿੱਗ ਕੇ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ। ਜਿਸ ਤੋਂ ਬਾਅਦ ਫਲੈਟ ਵਿੱਚ ਸਰੁੱਖਿਆ ਨੂੰ ਲੈਕੇ ਸਵਾਲ ਖੜ੍ਹੇ ਹੋ ਗਏ ਹਨ। ਦੇਰ ਰਾਤ ਨੂੰ ਉਸ ਦੇ ਫਲੈਟ ਤੋਂ ਹੇਠਾਂ ਡਿੱਗ ਦੇ ਹੀ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਨੇ ਸਿੰਦਰ ਨੂੰ ਇਲਾਜ ਲਈ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉੱਚ ਅਧਿਕਾਰੀ ਅਤੇ ਥਾਣਾ ਸਦਰ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਨੇ ਇਸ ਦੇ ਪਿੰਡ ਸ਼ਹਿਜ਼ਾਦਾ ਵਿੱਚ ਰਹਿੰਦੇ ਉਸ ਦੇ ਭਰਾ ਨੂੰ ਸੂਚਨਾ ਦੇ ਦਿੱਤੀ। ਜਿਸ ਤੋਂ ਬਾਅਦ ਕੈਨੇਡਾ ਰਹਿੰਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕੀਤਾ ਗਿਆ। ਫਿਲਹਾਲ ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਹੀ ਪੋਸਟਮਾਰਟਮ ਕਰਵਾਇਆ ਜਾਵੇਗਾ। ਥਾਣਾ ਸਦਰ ਦੇ ਐੱਸਐੱਚਓ ਇੰਸਪੈਕਟਰ ਹਰਸ਼ਵੀਰ ਸਿੰਘ ਨੇ ਦੱਸਿਆ ਕਿ ਸਿੰਦਰ ਸਿੰਘ ਮੂਲ ਰੂਪ ਵਿੱਚ ਪਿੰਡ ਸ਼ਹਿਜ਼ਾਦਾ ਦਾ ਰਹਿਣ ਵਾਲਾ ਸੀ ਅਤੇ ਕਾਫੀ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ। ਉਸ ਦੇ ਪਰਿਵਾਰਕ ਮੈਂਬਰ ਵੀ ਉੱਥੇ ਰਹਿੰਦੇ ਹਨ। ਓਮੈਕਸ ਰੈਜ਼ੀਡੈਂਸੀ ਵਿੱਚ ਉਸ ਨੇ ਕੁਝ ਸਮਾਂ ਪਹਿਲਾਂ ਹੀ ਫਲੈਟ ਖਰੀਦਿਆ ਸੀ ਅਤੇ ਸਿੰਦਰ ਸਿੰਘ ਤਿੰਨ-ਚਾਰ ਦਿਨ ਪਹਿਲਾਂ ਕੈਨੇਡਾ ਤੋਂ ਵਾਪਸ ਆ ਕੇ ਫਲੈਟ ਵਿੱਚ ਰਹਿ ਰਿਹਾ ਸੀ। ਐਤਵਾਰ ਰਾਤ ਨੂੰ ਉਹ ਅਚਾਨਕ ਉਹ ਹੇਠਾਂ ਡਿੱਗ ਗਿਆ ਅਤੇ ਹੇਠਾਂ ਡਿੱਗਦੇ ਹੀ ਲੋਕ ਇਕੱਠੇ ਹੋ ਗਏ। ਜਦੋਂ ਤੱਕ ਲੋਕ ਸਿੰਦਰ ਸਿੰਘ ਨੂੰ ਇਲਾਜ ਲਈ ਹਸਪਤਾਲ ਲੈ ਕੇ ਜਾਂਦੇ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਪੁਲੀਸ ਨੂੰ ਦੱਸਿਆ ਕਿ ਸਿੰਦਰ ਚੰਗੇ ਸੁਭਾਅ ਦਾ ਸੀ। ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਐੱਸਐੱਚਓ ਨੇ ਦੱਸਿਆ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਸਿੰਦਰ ਅਚਾਨਕ ਹੇਠਾਂ ਡਿੱਗਿਆ ਹੈ ਜਾਂ ਉਸ ਨੇ ਛਾਲ ਮਾਰੀ ਹੈ। ਪਰਿਵਾਰਕ ਮੈਂਬਰ ਕੈਨੇਡਾ ਤੋਂ ਚੱਲ ਪਏ ਹਨ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਸਾਰੀ ਤਸਵੀਰ ਸਪੱਸ਼ਟ ਹੋ ਸਕੇਗੀ। ਉਸ ਤੋਂ ਬਾਅਦ ਪੁਲੀਸ ਅਗਲੀ ਕਾਰਵਾਈ ਕਰੇਗੀ।