ਕੈਨੇਡਾ ਦੇ ਬਰੈਂਪਟਨ ਸੂਬੇ ਵਿੱਚ ਇੱਕ ਬਹੁਤ ਹੀ ਨਿੰਦਣਯੋਗ ਘਟਨਾ ਸਾਹਮਣੇ ਆਈ ਹੈ। ਕੁਝ ਫਲਸਤੀਨੀ ਬਦਮਾਸ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੋਸ਼ੀ ਨੇ ਬੁੱਤ ‘ਤੇ ਫਲਸਤੀਨ ਦਾ ਝੰਡਾ ਲਗਾ ਦਿੱਤਾ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ 37 ਸੈਕਿੰਡ ਦੀ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਨੌਜਵਾਨ, ਜਿਨ੍ਹਾਂ ਦੇ ਮੂੰਹ ਢਕੇ ਹੋਏ ਹਨ, ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ‘ਤੇ ਚੜ੍ਹ ਕੇ ਘੋੜੇ ‘ਤੇ ਫਲਸਤੀਨ ਦਾ ਝੰਡਾ ਲਹਿਰਾ ਰਹੇ ਹਨ। ਇਸ ਦੌਰਾaਨ ਕੁਝ ਹੋਰ ਲੋਕ ਵੀ ਮੌਜੂਦ ਸਨ। ਇਸ ਘਟਨਾ ਦੀ ਜਾਣਕਾਰੀ ਕੈਨੇਡਾ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਾਫੀ ਹੰਗਾਮਾ ਹੋ ਰਿਹਾ ਹੈ। ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਕਈ ਲੋਕਾਂ ਨੇ ਇਸ ਘਟਨਾ ਨੂੰ ਸੱਭਿਆਚਾਰਕ ਵਿਰਸੇ ਨਾਲ ਖਿਲਵਾੜ ਦੱਸਿਆ ਹੈ।