ਨਾਭਾ, 22 ਸਤੰਬਰ : ਕੈਨੇਡਾ ‘ਚ ਪੜ੍ਹਨ ਗਈ ਪਿੰਡ ਪਾਲੀਆ ਦੀ 22 ਸਾਲਾ ਨੌਜਵਾਨ ਲੜਕੀ ਨਵਦੀਪ ਕੌਰ ਦੀ ਕੈਨੇਡਾ ਦੇ ਹਸਪਤਾਲ ਵਿੱਚ ਮੌਤ ਹੋ ਗਈ। ਮੌਤ ਦੀ ਖ਼ਬਰ ਆਉਣ ਨਾਲ ਪਰਿਵਾਰ ਵਿੱਚ ਚੀਕ ਚਿਹੜਾ ਪੈ ਗਿਆ। ਇਸ ਸਬੰਧ ਵਿੱਚ ਲੜਕੀ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਨਵਦੀਪ ਬਰੈੰਪਟਨ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਜੋ ਲੰਘੀ 7 ਸਤੰਬਰ ਨੂੰ ਨਵਦੀਪ ਮੇਰੇ ਰਿਸ਼ਤੇਦਾਰਾਂ ਨਾਲ ਵੀਡਿਓ ਕਾਲ ਦੌਰਾਨ ਹੀ ਅਚਾਨਕ ਡਿੱਗ ਪਈ ਤੇ ਉਸਦੀ ਰੂਮ ਮੇਟ ਨੇ ਐਮਬੂਲੈਂਸ ਨੂੰ ਬੁਲਾਇਆ ਤੇ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ। ਉਹਨਾਂ ਨੇ ਦੱਸਿਆ ਕਿ 11 ਸਤੰਬਰ ਨੂੰ ਡਾਕਟਰਾਂ ਨੇ ਫੋਨ ‘ਤੇ ਦੱਸਿਆ ਕਿ ਉਸਦੇ ਦਿਮਾਗ ਵਿੱਚ ਕਲੋਟ ਹੈ ਤੇ ਉਸਦਾ ਅਪ੍ਰੇਸ਼ਨ ਕਰਨਾ ਪਵੇਗਾ। ਫਿਰ ਡਾਕਟਰਾਂ ਅਨੁਸਾਰ ਅਪ੍ਰੇਸ਼ਨ ਠੀਕ ਰਿਹਾ ਤੇ ਖਤਰੇ ਵਾਲੇ ਅਗਲੇ 72 ਘੰਟੇ ਵੀ ਬੀਤ ਗਏ ਹਨ। ਪਰ ਨਵਦੀਪ ਨੂੰ ਅਜੇ ਵੈਂਟੀਲੇਟਰ ‘ਤੇ ਹੀ ਰੱਖਣ ਦੀ ਲੋੜ ਸੀ। ਫਿਰ 19 ਤਰੀਕ ਨੂੰ ਡਾਕਟਰਾਂ ਨੇ ਨਵਦੀਪ ਦੀ ਵਿਗੜਦੀ ਹਾਲਤ ਬਾਰੇ ਦੱਸਦਿਆਂ ਉਸਨੂੰ ਵੈਂਟੀਲੇਟਰ ਤੋਂ ਉਤਾਰਨ ਦਾ ਫੈਸਲਾ ਪਿਤਾ ਗੁਰਪ੍ਰੀਤ ਸਿੰਘ ਨੂੰ ਦੱਸਿਆ। ਦੋ ਧੀਆਂ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਘਰ ਵਿੱਚੋ ਹੋਰ ਕਿਸੇ ਦਾ ਪਾਸਪੋਰਟ ਵੀ ਨਹੀਂ ਬਣਿਆ ਸੀ ਤੇ ਉਹ ਇਥੇ ਬੇਵਸ ਫੋਨ ‘ਤੇ ਬਸ ਹਾਲਤ ਸੁਣ ਹੀ ਸਕਦੇ ਸਨ। ਹੁਣ ਉਸਦੀ ਪੜਾਈ ਪੂਰੀ ਹੋ ਗਈ ਸੀ ਤੇ ਕਾਲਜ ਵੱਲੋਂ ਵਰਕ ਪਰਮਿਟ ਦਾ ਕੰਮ ਕਰਵਾਇਆ ਜਾ ਰਿਹਾ ਸੀ ਪਰ ਉਸਦੀ ਉਮਰ ਸਾਥ ਛੱਡ ਗਈ। ਉਹਨਾਂ ਨੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਆਪਣੀ ਧੀ ਦਾ ਅੰਤਿਮ ਸੰਸਕਾਰ ਕਰ ਸਕਣਗੇ।