ਅੰਮ੍ਰਿਤਸਰ, 13 ਅਗਸਤ : ਸ਼੍ਰੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦੁਬਈ ਤੋਂ ਸੋਨੇ ਦੀ ਤਸਕਰੀ ਹੋਣ ਦੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਪਰ ਹੁਣ ਸਿਗਰਟ ਦੀ ਤਸਕਰੀ ਵੀ ਹੋਣੀ ਸ਼ੁਰੂ ਹੋ ਗਈ ਹੈ। ਅੰਮ੍ਰਿਤਸਰ ਏਅਪੋਰਟ ਦੇ ਕਸਟਮ ਵਿਭਾਗ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਸ ਨੇ 4.21 ਲੱਖ ਰੁਪਏ ਦੀਆਂ ਵਿਦੇਸ਼ੀ ਸਿਗਰਟਾਂ ਫੜੀਆਂ। ਜਿਸ ਨੂੰ ਕਸਟਮ ਵਿਭਾਗ ਨੇ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਤਸਕਰੀ ਵਾਲੀਆਂ ਸਿਗਰਟਾਂ ਫੜੀਆਂ ਹਨ। ਜਿਸ ਤੋਂ ਬਾਅਦ ਕਸਟਮ ਵਿਭਾਗ ਨੇ ਕਾਰਵਾਈ ਕਰਦੇ ਹੋਏ ਫੜੇ ਗਏ ਯਾਤਰੀ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਕ ਮਹੀਨੇ ਵਿਚ ਇਹ ਦੂਜੀ ਵਾਰ ਹੈ ਜਦੋਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿਗਰਟ ਫੜੀ ਗਈ ਹੈ। ਕਸਟਮ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਯਾਤਰੀ ਸ਼ਾਰਜਾਹ ਤੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ ਸੀ। ਜਦੋਂ ਉਸ ਦੇ ਸਾਮਾਨ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿੱਚੋਂ 24,800 ਸਿਗਰੇਟ ਬਰਾਮਦ ਹੋਈਆਂ। ਜਦੋਂ ਇਨ੍ਹਾਂ ਦੀ ਬਾਜ਼ਾਰੀ ਕੀਮਤ ਦੀ ਜਾਂਚ ਕੀਤੀ ਗਈ ਤਾਂ ਇਸ ਦੀ ਕੀਮਤ 4.21 ਲੱਖ ਰੁਪਏ ਪਾਈ ਗਈ।
ਪਿਛਲੇ ਇਕ ਮਹੀਨੇ ਤੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਸਿਗਰਟ ਦੀ ਤਸਕਰੀ ਵਿਚ ਵਾਧਾ ਹੋਇਆ ਹੈ। 2 ਅਗਸਤ ਨੂੰ ਕਸਟਮ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਲਗਭਗ 1 ਲੱਖ ਰੁਪਏ ਦੀ ਦਰਾਮਦ ਸਿਗਰੇਟ ਜ਼ਬਤ ਕੀਤੀ ਸੀ। ਜਿਸ ਦੀ ਬਾਜ਼ਾਰੀ ਕੀਮਤ 18 ਲੱਖ ਰੁਪਏ ਦੇ ਕਰੀਬ ਦੱਸੀ ਗਈ ਸੀ।