ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ 19 ਅਗਸਤ ਨੂੰ ਹੈ। ਜਿਸ ਨੂੰ ਲੈਕੇ ਡਾਕ ਵਿਭਾਗ ਨੇ ਵੱਡਾ ਫੈਸਲਾ ਲੈਂਦਿਆਂ ਰੱਖੜੀ ਤੋਂ ਇੱਕ ਦਿਨ ਪਹਿਲਾਂ ਯਾਨੀ 18 ਅਗਸਤ ਦਿਨ ਐਤਵਾਰ ਹੈ, ਡਾਕ ਵਿਭਾਗ ਆਮ ਦਿਨਾਂ ਵਾਂਗ ਖੁੱਲ੍ਹੇਗਾ। ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਭੈਣਾਂ ਵਲੋਂ ਆਪਣੇ ਭਰਾਵਾਂ ਨੂੰ ਭੇਜੀ ਗਈ ਰੱਖੜੀ ਸਮੇਂ ਸਿਰ ਉਨ੍ਹਾਂ ਨੂੰ ਮਿਲ ਸਕੇ।
ਡਾਕ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਪਿੰਡਾਂ ਤੇ ਸ਼ਹਿਰਾਂ ਦੇ ਸਾਰੇ ਡਾਕਖਾਨਿਆ ਵਿੱਚ ਰੱਖੜੀ ਦੇ ਤਿਉਹਾਰ ਨੂੰ ਲੈਕੇ ਵੱਖਰੇ ਕਾਉੰਟਰ ਖੋਲ੍ਹੇ ਗਏ ਹਨ। ਡਾਕ ਵਿਭਾਗ ਵੱਲੋਂ ਰੱਖੜੀ ਭੇਜਣ ਲਈ ਦੋ ਤਰ੍ਹਾਂ ਦੇ ਵਾਟਰ ਪਰੂਫ਼ ਲਿਫ਼ਾਫ਼ੇ ਉਪਲਬਧ ਹਨ, ਜਿਨ੍ਹਾਂ ਦੀ ਕੀਮਤ ਵੱਖ-ਵੱਖ ਹੈ, ਨਾਲ ਹੀ ਡੱਬੇ ਵੀ ਉਪਲਬਧ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਟਰ ਪਰੂਫ਼ ਲਿਫ਼ਾਫ਼ੇ ਉਪਲਬਧ ਕਰਵਾਏ ਗਏ ਹਨ ਤਾਂ ਜੋ ਜੇਕਰ ਸਾਉਣ ਦੇ ਮਹੀਨੇ ਭਾਰੀ ਬਰਸਾਤ ਹੁੰਦੀ ਹੈ ਤਾਂ ਰੱਖੜੀ ਗਿੱਲੀ ਨਾ ਹੋਵੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਲੋਕ ਬਾਹਰੋਂ ਪੈਕਿੰਗ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੈਨੇਡਾ ਅਤੇ ਆਸਟ੍ਰੇਲੀਆ ਨੂੰ ਰੱਖੜੀਆਂ ਭੇਜੀਆਂ ਜਾ ਰਹੀਆਂ ਹਨ। ਸਪੀਡ ਪੋਸਟ ਰਾਹੀਂ ਭੇਜੀ ਗਈ ਰੱਖੜੀ 48 ਘੰਟਿਆਂ ਦੇ ਅੰਦਰ ਪਹੁੰਚਾਈ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਉੱਤਰੀ ਜ਼ੋਨ ਜਿਵੇਂ ਹਿਮਾਚਲ, ਪੰਜਾਬ, ਦਿੱਲੀ, ਜੰਮੂ-ਕਸ਼ਮੀਰ ਅਤੇ ਹਰਿਆਣਾ ਵਿੱਚ ਪਾਰਸਲ 48 ਘੰਟਿਆਂ ਦੇ ਅੰਦਰ ਡਿਲੀਵਰ ਕਰਨ ਦਾ ਟੀਚਾ ਹੈ।