ਲੁਧਿਆਣਾ, 27 ਸਤੰਬਰ : ਪੰਜਾਬ ਦੇ ਹਰ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਤੰਬਰ ਮਹੀਨੇ ਪਹਿਲੀ ਟਰਮ ਦੀ ਪ੍ਰੀਖਿਆਵਾਂ ਕਰਵਾਈਆਂ ਜਾ ਰਹੀਆਂ ਹਨ। ਮਾਨ ਸਰਕਾਰ ਵਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਸਿੱਖਿਆ ਨੀਤੀ ਨੂੰ ਲੈਕੇ ਕਈ ਕਦਮ ਚੁੱਕੇ ਜਾ ਰਹੇ ਹਨ। ਇਹਨ੍ਹਾਂ ਸਾਰੇ ਯਤਨਾਂ ਨੂੰ ਝੂਠਾ ਸਾਬਿਤ ਕਰ ਰਿਹਾ ਹੈ, ਲੁਧਿਆਣਾ ਦੇ ਕਸਬਾ ਮੁੱਲਾਂਪੁਰ ਮੰਡੀ ਦਾ ਸਰਕਾਰੀ ਸਕੂਲ, ਜਿਸ ਵਿੱਚ ਸਿੱਖਿਆ ਵਿਭਾਗ ਵਲੋਂ ਸਤੰਬਰ ਮਹੀਨੇ ਦੀ ਪਹਿਲੀ ਟਰਮ ਦੀ ਪ੍ਰੀਖਿਆ ਦੇਣ ਆਏ 397 ਦੇ ਕਰੀਬ ਵਿਦਿਆਰਥੀ ਬਿਨਾ ਪੇਪਰ ਦਿੱਤੇ ਵਾਪਿਸ ਘਰਾਂ ਨੂੰ ਪਰਤ ਗਏ। ਜਿਸ ਨੇ ਆਪ ਸਰਕਾਰ ਦੇ ਸਿੱਖਿਆ ਨੂੰ ਲੈਕੇ ਕੀਤੇ ਜਾਂਦੇ ਵੱਡੇ ਵੱਡੇ ਦਾਅਵਿਆਂ ਨੂੰ ਖੋਖਲਾ ਸਾਬਿਤ ਕਰ ਦਿੱਤਾ।
ਸਰਕਾਰੀ ਹਾਈ ਸਕੂਲ ਮੁੱਲਾਂਪੁਰ ਮੰਡੀ ਵਿੱਚ 6ਵੀਂ ਤੋਂ 10ਵੀਂ ਜਮਾਤ ਦੇ ਕਰੀਬ 397 ਵਿਦਿਆਰਥੀਆਂ ਪੜ੍ਹਦੇ ਹਨ। ਜਿਨ੍ਹਾਂ ਦਾ ਅੱਜ ਪਹਿਲੀ ਟਰਮ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਅਨੁਸਾਰ ਪਹਿਲਾ ਪੇਪਰ ਸੀ। ਪਰ ਸਾਰੇ ਵਿਦਿਆਰਥੀ ਬਿਨਾਂ ਪੇਪਰ ਦਿੱਤੇ ਹੀ ਘਰ ਪਰਤ ਗਏ। ਇਸ ਬਾਰੇ ਜਦੋਂ ਮਾਪਿਆਂ ਨੂੰ ਪਤਾ ਲੱਗਾ ਤਾਂ ਉਹ ਵੀ ਨਿਰਾਸ਼ ਹੋ ਗਏ ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੀਖਿਆਵਾਂ ਲਈ ਪ੍ਰਸ਼ਨ ਪੱਤਰ ਸਕੂਲ ਦੀ ਈਮੇਲ ਆਈਡੀ ’ਤੇ ਭੇਜੇ ਜਾਣਗੇ। ਪਰ ਵਿਭਾਗ ਵੱਲੋਂ ਅੱਜ ਦਾ ਪੇਪਰ ਨਹੀਂ ਭੇਜਿਆ ਗਿਆ, ਪਰ ਪ੍ਰਸ਼ਨ ਪੱਤਰਾਂ ਦੀਆਂ ਫੋਟੋ ਕਾਪੀਆਂ ਕਰਵਾਉਣ ਲਈ ਸਕੂਲ ਵੱਲੋਂ ਫੰਡ ਨਾ ਹੋਣ ਦਾ ਹਵਾਲਾ ਦਿੰਦਿਆਂ ਅੱਜ ਦਾ ਪੇਪਰ ਨਹੀਂ ਕਰਵਾਇਆ ਗਿਆ।
ਇਸ ਸਬੰਧੀ ਜਦੋਂ ਸਕੂਲ ਦੀ ਪ੍ਰਿੰਸੀਪਲ ਖੁਸ਼ਮਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪ੍ਰਸ਼ਨ ਪੱਤਰ ਜ਼ਰੂਰ ਭੇਜੇ ਗਏ ਸਨ, ਪਰ ਉਨ੍ਹਾਂ ਦੀਆਂ ਫੋਟੋਆਂ ਕਾਪੀਆਂ ਕਰਵਾਉਣ ਲਈ ਫੰਡ ਜਾਰੀ ਨਹੀਂ ਕੀਤੇ ਗਏ। ਸਕੂਲ ਕੋਲ ਪਹਿਲਾਂ ਹੀ ਫੰਡ ਨਹੀਂ ਹਨ, ਜਿਸ ਕਾਰਨ ਫੋਟੋ ਕਾਪੀ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਅਜਿਹੇ ‘ਚ ਜੇਕਰ ਸਾਰੇ ਵਿਸ਼ਿਆਂ ਦੇ ਪ੍ਰਸ਼ਨ ਪੱਤਰਾਂ ਦੀਆਂ ਫੋਟੋ ਕਾਪੀਆਂ ਬਣਾ ਲਈਆਂ ਜਾਣ ਤਾਂ ਇਸ ‘ਤੇ ਕਰੀਬ 12 ਹਜ਼ਾਰ ਰੁਪਏ ਖਰਚ ਆਉਣਗੇ, ਜਿਸ ਨੂੰ ਸਕੂਲ ਖਰਚਣ ਤੋਂ ਅਸਮਰੱਥ ਹੈ। ਕਿਉਂਕਿ ਚੋਣ ਜ਼ਾਬਤਾ ਲੱਗਣ ਕਾਰਨ ਉਨ੍ਹਾਂ ਦੇ ਫੰਡ ਵਾਪਸ ਲੈ ਲਏ ਗਏ ਸਨ ਜੋ ਅਜੇ ਤੱਕ ਪ੍ਰਾਪਤ ਨਹੀਂ ਹੋਏ। ਅਜਿਹੇ ‘ਚ ਵਿਭਾਗ ਨੂੰ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕਰਨ ਦੇ ਨਾਲ-ਨਾਲ ਸਕੂਲਾਂ ‘ਚ ਬੱਚਿਆਂ ਦੀ ਗਿਣਤੀ ਦੇ ਆਧਾਰ ‘ਤੇ ਪ੍ਰੀਖਿਆਵਾਂ ਲਈ ਫੰਡ ਵੀ ਜਾਰੀ ਕਰਨੇ ਚਾਹੀਦੇ ਹਨ। ਪ੍ਰਿੰਸੀਪਲ ਅਨੁਸਾਰ ਅੱਜ ਜਦੋਂ ਪੇਪਰ ਨਾ ਮਿਲਣ ਦਾ ਮਾਮਲਾ ਐੱਸਐੱਮਸੀ ਦੇ ਧਿਆਨ ‘ਚ ਆਇਆ ਤਾਂ ਉਨ੍ਹਾਂ ਨੇ ਵਿਦਿਆਰਥੀਆਂ ਦੇ ਹਿੱਤ ‘ਚ ਫੈਸਲਾ ਲੈਂਦਿਆਂ ਫੰਡਾਂ ਦੀ ਸਮੱਸਿਆ ਦਾ ਹੱਲ ਕਰਵਾ ਦਿੱਤਾ, ਜਿਸ ਕਾਰਨ ਸਾਰੇ ਪੇਪਰ ਅੱਜ ਤੋਂ ਰੁਟੀਨ ਵਾਂਗ ਲਏ ਜਾਣਗੇ ।