ਦਿ ਸਿਟੀ ਹੈੱਡ ਲਾਈਨਸ
ਕੋਹਾੜਾ/ਸਾਹਨੇਵਾਲ, 6 ਫਰਵਰੀ – ‘ਆਪ’ ਦੀ ਸਰਕਾਰ, ਆਪ ਦੇ ਦੁਆਰ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਸਾਹਨੇਵਾਲ ਵਿਖੇ ਆਯੋਜਿਤ ਕੈਂਪ ਦਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਵੱਲੋਂ ਨਿਰੀਖਣ ਕੀਤਾ ਗਿਆ ਜਿੱਥੇ ਵਸਨੀਕਾਂ ਵੱਲੋਂ ਵੱਖ-ਵੱਖ ਪ੍ਰਸ਼ਾਸ਼ਨਿਕ ਸੇਵਾਵਾਂ ਦਾ ਭਰਪੂਰ ਲਾਭ ਲਿਆ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਦਿਨੀਂ ਜਿਸ ਵਿਸ਼ੇਸ਼ ਮੁਹਿੰਮ ‘ਸਰਕਾਰ ਤੁਹਾਡੇ ਦੁਆਰ’ ਦਾ ਐਲਾਨ ਕੀਤਾ ਸੀ ਉਸ ਨੂੰ ਕਾਰਗਰ ਬਣਾਉਣ ਲਈ ਅੱਜ ਸੂਬੇ ਭਰ ਵਿੱਚ ਵੱਖ ਵੱਖ ਥਾਵਾਂ ਉੱਤੇ ਕੈਂਪਾਂ ਦਾ ਆਯੋਜਨ ਕੀਤਾ ਗਿਆ।
ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਸਰਕਾਰ ਵੱਲੋਂ ਆਯੋਜਿਤ ਇਨ੍ਹਾਂ ਕੈਂਪਾਂ ਦੀ ਅਗਵਾਈ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਪਾਰਟੀ ਦੇ ਸੀਨੀਅਰ ਤੇ ਸਥਾਨਕ ਆਗੂਆਂ ਵੱਲੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਨਾਲ ਮਿਲ ਕੇ ਕੀਤੀ ਗਈ। ਪਾਰਟੀ ਵਰਕਰਾਂ ਵੱਲੋਂ ਵੀ ਕੈਂਪਾਂ ਵਿੱਚ ਆਪਣੀਆਂ ਸਮੱਸਿਆਵਾਂ ਲੈ ਕੇ ਆਏ ਲੋਕਾਂ ਦਾ ਪੂਰਾ ਸਹਿਯੋਗ ਕੀਤਾ ਗਿਆ।
ਮੁਹਿੰਮ ਤਹਿਤ ਹਲਕਾ ਸਾਹਨੇਵਾਲ ਵਿਖੇ ਵੀ ਪ੍ਰਸ਼ਾਸ਼ਨ ਵੱਲੋਂ ਪਿੰਡ ਕੂੰਮ ਕਲਾਂ, ਕੂੰਮ ਖੁਰਦ, ਭੈਰੋਮੁੰਨਾ, ਪ੍ਰਤਾਪਗ੍ਹੜ, ਸਾਹਨੇਵਾਲ ਵਾਰਡ ਨੰਬਰ 1 ਵਿੱਚ ਸੁਵਿਧਾ ਕੈਂਪ ਲਗਾਏ ਗਏ ਜਿੱਥੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ।
ਕੈਂਪਾਂ ਦਾ ਨਿਰੀਖਣ ਕਰਨ ਪੁੱਜੇ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੋ ਕਹਿੰਦੇ ਹਨ ਉਹ ਕਰਕੇ ਵੀ ਦਿਖਾਉਂਦੇ ਹਨ। ਉਨ੍ਹਾਂ ਦੱਸਿਆ ਕਿ ਕਿਸੇ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਕਦੇ ਸਰਕਾਰ ਵੀ ਉਨ੍ਹਾਂ ਦੇ ਕੰਮ ਕਰਵਾਉਣ ਲਈ ਖੁਦ ਚੱਲ ਕੇ ਉਨ੍ਹਾਂ ਦੇ ਘਰ-ਘਰ ਆਵੇਗੀ। ਪਰ ਅੱਜ ਸੂਬੇ ਭਰ ਵਿੱਚ ਸਰਕਾਰ ਵਲੋਂ ਲੋਕਾਂ ਦੇ ਦੁਆਰ ਪਹੁੰਚ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਲੱਗੀ ਹੋਈ ਹੈ।
ਉਨ੍ਹਾਂ ਕਿਹਾ ਕਿ ਜਿਸ ਦਿਨ ਮੁੱਖ ਮੰਤਰੀ ਮਾਨ ਵੱਲੋ ਉਪਰੋਕਤ ਸਕੀਮ ਦਾ ਜ਼ਿਕਰ ਕੀਤਾ ਸੀ ਤਾਂ ਵਿਰੋਧੀ ਫ਼ਬਤੀਆਂ ਕਸਦੇ ਸਨ ਕਿ ਇਹ ਕਿਸੇ ਵੀ ਹੀਲੇ ਸੰਭਵ ਨਹੀਂ ਹੋ ਸਕਦਾ। ਅੱਜ ਉਹ ਸਾਰੇ ਵਿਰੋਧੀ ਅੱਖੀਂ ਦੇਖ ਲੈਣ ਕਿ ਅਜਿਹਾ ਹੋਣ ਲੱਗ ਪਿਆ ਹੈ।
ਵਿਧਾਇਕ ਮੁੰਡੀਆਂ ਨੇ ਲੋਕਾਂ ਨੂੰ ਜਿੱਥੇ ਸੁਵਿਧਾ ਕੈਂਪਾਂ ਵਿੱਚ ਪਹੁੰਚ ਕੇ ਲੋਕਾਂ ਨੂੰ ਆਪਣੇ ਰੁਕੇ ਹੋਏ ਕੰਮ ਕਰਵਾਉਣ ਲਈ ਪ੍ਰੇਰਤ ਕੀਤਾ ਉੱਥੇ ਹੀ ਪਾਰਟੀ ਵਰਕਰਾਂ ਨੂੰ ਵੀ ਲੋਕਾਂ ਦੀ ਹਰ ਪ੍ਰਕਾਰ ਦੀ ਸਹਾਇਤਾ ਕਰਨ ਲਈ ਕੈਂਪਾਂ ਵਿੱਚ ਮੌਜੂਦ ਰਹਿਣ ਲਈ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰਜਿਸਟਰੀਆਂ ਲਈ ਐਨ.ਓ.ਸੀ. ਦੀ ਸ਼ਰਤ ਹਟਾਉਣ ਲਈ ਵੀ ਵਿਸ਼ੇਸ਼ ਧੰਨਵਾਦ ਕੀਤਾ। ਵਿਧਾਇਕ ਮੁੰਡੀਆਂ ਨੇ ਮੁੱਖ ਮੰਤਰੀ ਦੇ ਇਸ ਫੈਸਲੇ ਨੂੰ ਇਤਿਹਾਸਿਕ ਦੱਸਦਿਆਂ ਕਿਹਾ ਕਿ ਇਸ ਨਾਲ ਅਕਾਲੀ/ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਦੇ ਸਤਾਏ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਪ੍ਰੇਸ਼ਾਨੀ ਦੇ ਅੰਤ ਦੇ ਨਾਲ ਨਾਲ ਇਸ ਨਾਲ ਪੰਜਾਬ ਦਾ ਮਾਲੀਆ ਵੀ ਵਧੇਗਾ ਜਿਸ ਨਾਲ ਸੂਬਾ ਹੋਰ ਵਿਕਾਸ ਕਰਦਾ ਉੱਨਤੀ ਵੱਲ ਵਧੇਗਾ।
ਇਸ ਮੌਕੇ ਵੱਖ ਵੱਖ ਥਾਵਾਂ ਉੱਤੇ ਬਲਾਕ ਪ੍ਰਧਾਨ ਤਜਿੰਦਰ ਸਿੰਘ ਮਿੱਠ{, ਕੁਲਦੀਪ ਐਰੀ, ਮਨਪ੍ਰੀਤ ਸਿੰਘ ਧਾਮੀ, ਰਾਜ ਕੁਮਾਰ ਵਰਮਾ, ਸੁਰਜੀਤ ਸਿੰਘ ਬੋਕੜਾਂ, ਰਾਜ਼ੀ ਸਾਹਨੇਵਾਲ, ਪੱਪੀ, ਰਣਜੀਤ ਸਿੰਘ ਸੈਣੀ (ਪੀ.ਏ), ਪ੍ਰਿੰਸ ਸੈਣੀ, ਬੱਬੂ ਮੁੰਡੀਆਂ, ਜਸਪ੍ਰੀਤ ਸਿੰਘ ਪੰਧੇਰ ਅਤੇ ਹੋਰ ਹਾਜ਼ਰ ਸਨ।