ਸ੍ਰੀ ਹਰਿਮੰਦਰ ਸਾਹਿਬ ਦੇ ਦਰਬਾਰ ਵਿੱਚ ਫਰਸ਼ ਨੂੰ ਕੱਚੀ ਲੱਸੀ ਨਾਲ ਧੋਣ ਨੂੰ ਲੈ ਕੇ ਲੋਕਾਂ ਵੱਲੋਂ ਕਾਫ਼ੀ ਸਵਾਲ ਤੇ ਵਿਵਾਦ ਕੀਤਾ ਗਿਆ ਹੈ। ਦੱਸ ਦਈਏ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਕੱਚੀ ਲੱਸੀ ਨਾਲ ਦੀ ਪਰੰਪਰਾ ਦਾ ਮੁੱਖ ਕਾਰਨ ਉੱਥੇ ਲੱਗਾ ਸੰਗਮਰਮਰ ਹੈ । ਸੰਗਮਰਮਰ ਦੀ ਚਮਕ ਅਤੇ ਉਸ ਨੂੰ ਖੁਰਣ ਤੋਂ ਬਚਾਉਣ ਲਈ ਦੁੱਧ ਵਿੱਚ ਪਾਣੀ ਮਿਲਾ ਕੇ ਕੱਚੀ ਲੱਸੀ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ । ਕੱਚੀ ਲੱਸੀ ਬਾਅਦ ਵਿੱਚ ਸਰੋਵਰ ਵਿੱਚ ਮਿਲ ਜਾਂਦੀ ਹੈ ਜਿਸ ਕਾਰਨ ਸਰੋਵਰ ਵਿਚਲੇ ਜੀਵਾਂ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਦਾ ਅਤੇ ਸੰਗਤਾਂ ਵੱਲੋਂ ਵੀ ਉਸੇ ਸਰੋਵਰ ‘ਚ ਇਸ਼ਨਾਨ ਕੀਤਾ ਜਾਂਦਾ ਹੈ। ਇਕੱਲੇ ਪਾਣੀ ਨਾਲ ਧੋਣ ਨਾਲ ਸੰਗਮਰਮਰ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਇਹ ਸੰਗਮਰਮਰ ਦੀ ਚਿਕਨਾਹਟ ਨੂੰ ਖਤਮ ਕਰਦਾ ਹੈ। ਇਹਨਾਂ ਕਾਰਨਾ ਕਰਕੇ ਦੁੱਧ/ਕੱਚੀ ਲੱਸੀ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਅੱਜਕੱਲ ਕੁੱਝ ਲੋਕਾਂ ਵੱਲੋਂ ਸਵਾਲ ਕੀਤੇ ਜਾਂਦੇ ਹਨ ਕਿ ਦੁੱਧ ਕਿਉਂ ਡੋਲਿਆ ਜਾਂਦਾ ? ਕੈਮਿਕਲ ਦੀ ਵਰਤੋ ਕੀਤੀ ਜਾਵੇ ਸੰਗਮਰਮਰ ਦੀ ਨਵੀਨਤਾ ਨੂੰ ਬਰਕਰਾਰ ਰੱਖਣ ਲਈ। ਉਹਨਾਂ ਨੂੰ ਕਿਹਾ ਜਾ ਸਕਦਾ ਹੈ ਕਿ ਜਦੋਂ ਕੈਮਿਕਲ ਨਾਲ ਸੰਗਮਰਮਰ ਨੂੰ ਧੋਤਾ ਜਾਵੇਗਾ ਉਸ ਨਾਲ ਇੱਕ ਤਾਂ ਨਿਸ਼ਾਨ ਪੈਂਦੇ ਹਨ , ਨਾਲ ਹੀ ਨਾਲ ਉਹ ਕੈਮਿਕਲ ਸਰੋਵਰ ਵਿੱਚ ਜਾਵੇਗਾ ਜੋ ਸਰੋਵਰ ਵਿੱਚਲੇ ਜੀਵਾਂ ਲਈ ਹਾਨੀਕਾਰਕ ਹੋਵੇਗਾ ਅਤੇ ਸੰਗਤ ਲਈ ਵੀ ਨੁਕਸਾਨਦਾਇਕ ਹੋਵੇਗਾ । ਸੰਗਤ ਸਰੋਵਰ ਵਿੱਚ ਇਸ਼ਨਾਨ ਕਰਨਾ , ਪੰਜ ਸ਼ਨਾਨਾ, ਜਲ ਛਕਣਾ ਆਦਿ ਕਿਰਿਆਵਾ ਕਰਦੇ ਹਨ। ਕੱਚੀ ਲੱਸੀ ਕਿਸੇ ਲਈ ਵੀ ਨੁਕਸਾਨਦਾਇਕ ਨਹੀਂ ਹੈ। ਨਾ ਹੀ ਉਹ ਕੱਚੀ ਲੱਸੀ ਕਿਸੇ ਨਾਲੀ ਵਿੱਚ ਜਾਂਦੀ ਹੈ । ਕਈ ਲੋਕ ਕਹਿੰਦੇ ਹਨ ਕਿ ਉਹ ਦੱਧ ਗਰੀਬਾਂ ਨੂੰ ਦਿੱਤਾ ਜਾਵੇ ਜੋ ਡੋਲਿਆ ਜਾਂਦਾ ਹੈ। ਦੱਸ ਦਈਏ ਕਿ ਸ਼੍ਰੀ ਹਰਿਮੰਦਰ ਸਾਹਿਬ ਵਿੱਚ 24 ਘੰਟੇ ਲੰਗਰ ਦਾ ਪ੍ਰਬੰਧ ਹੈ। ਕੱਚੀ ਲੱਸੀ ਬਨਾਉਣ ਲਈ 10 ਲੀਟਰ ਪਾਣੀ ਵਿੱਚ ਅੱਧਾ ਗਿਲਾਸ ਦੁੱਧ ਦਾ ਮਿਲਾਇਆ ਜਾਂਦਾ ਹੈ, ਨਾ ਕਿ ਸਾਰਾ ਦਾ ਸਾਰਾ ਦੁੱਧ ਹੀ ਹੁੰਦਾ ਹੈ।