ਚੰਡੀਗੜ੍ਹ : ਅਮਰੀਕਾ ‘ਚ ਰਾਸ਼ਟਰਪਤੀ ਬਣਦੇ ਹੀ ਦੇ ਡੋਨਾਲਡ ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਉੱਤੇ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਫ਼ਰਵਰੀ 2025 ਦੀ ਸ਼ੁਰੂਆਤ ਤੋਂ ਉਨ੍ਹਾਂ ਨੂੰ ਡਿਪੋਰਟ ਕਰਕੇ ਉਨ੍ਹਾਂ ਦੇ ਦੇਸ਼ ਭੇਜਿਆ ਜਾ ਰਿਹਾ ਹੈ, ਜਿਸ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਕਾਫੀ ਸਾਰੇ ਲੋਕ ਮੌਜੂਦ ਹਨ ਅਤੇ ਵੱਡੀ ਗਿਣਤੀ ਵਿੱਚ ਪੰਜਾਬੀ ਵੀ ਸ਼ਾਮਿਲ ਹਨ। ਇਹ ਮੁੱਦਾ ਇਸ ਸਮੇਂ ਸਾਡੇ ਦੇਸ਼ ਵਿੱਚ ਕਾਫੀ ਗਰਮਾਇਆ ਹੋਇਆ ਹੈ ਅਤੇ ਇਸ ਪੂਰੇ ਮੁੱਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਉੱਠਕੇ ਆ ਰਹੇ ਹਨ। ਡਿਪੋਰਟ ਹੋਣ ਵਾਲੇ ਲੋਕ ਇੰਟਰਵਿਊਜ਼ ਰਾਹੀਂ ਆਪਣੀ ਹੱਡ ਬੀਤੀ ਸੁਣਾ ਰਹੇ ਹਨ। ਇਸ ਵਿਚ ਨੌਜਵਾਨ ਅਤੇ ਅੱਧ ਉਮਰ ਦੇ ਵਿਅਕਤੀ ਜ਼ਿਆਦਾ ਹਨ।
ਭਾਰਤ ਵਿੱਚ ਬੇਰੁਜ਼ਗਾਰੀ ਦੀ ਵੱਧਦੀ ਸੰਖਿਆ ਨੂੰ ਦੇਖ ਕੇ ਸਾਡੇ ਦੇਸ਼ ਦਾ ਹਰ ਨੌਜਵਾਨ ਬਾਹਰ ਜਾਣ ਲਈ ਉਤਸ਼ਾਹਿਤ ਹੈ। ਬੇਸ਼ੱਕ ਉਸ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਕਰਕੇ ਜਾਣਾ ਪਵੇ ਪਰ ਉਹ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਕਿਸੇ ਨਾ ਕਿਸੇ ਹਿੱਲੇ ਵਸਿੱਲੇ ਨਾਲ ਬਾਹਰ ਨਿਕਲਣਾ ਹੀ ਚਾਹੁੰਦਾ ਹੈ। ਕਈ ਨੌਜਵਾਨਾਂ ਦੇ ਮਨ ਵਿੱਚ ਡੌਂਕੀ ਰਾਹੀਂ ਵਿਦੇਸ਼ ਜਾਣ ਦਾ ਵੀ ਖਿਆਲ ਆਉਂਦਾ ਹੈ? ਫਿਰ ਕਿਵੇਂ ਉਸ ਨੂੰ ਆਸਾਨੀ ਨਾਲ ਏਜੰਟਾਂ ਦੁਆਰਾ ਬੇਵਕੂਫ਼ ਬਣਾ ਦਿੱਤਾ ਜਾਂਦਾ? ਅਤੇ ਕਿਵੇਂ ਉਹ 25-30 ਲੱਖ ਦੇ ਕੇ ਵੀ ਡੌਂਕੀ ਵਰਗੇ ਖ਼ਤਰਨਾਕ ਰਸਤੇ ਰਾਹੀਂ ਵਿਦੇਸ਼ ਪਹੁੰਚਦੇ ਹਨ? ਰਸਤੇ ਵਿੱਚ ਕਿਸ ਤਰ੍ਹਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ ? ਕਿਸ ਤਰ੍ਹਾਂ ਉਹ ਬਿਨ੍ਹਾਂ ਖਾਂਦੇ ਪੀਤੇ ਸੰਘਰਸ਼ ਕਰਦੇ ਹਨ ਅਤੇ ਕਈ ਮੌਤ ਦੇ ਮੂੰਹ ਵਿੱਟ ਚੱਲੇ ਜਾਂਦੇ ਹਨ। ਬਾਲੀਵੁੱਡ ਅਤੇ ਪਾਲੀਵੁੱਡ ਨੇ ਇਸ ਵਿਸ਼ੇ ‘ਤੇ 2 ਫ਼ਿਲਮਾਂ ਵੀ ਬਣਾਈਆਂ ਹਨ ਕਿ ਕਿਵੇਂ ਨੌਜਵਾਨ ਡੌਂਕੀ ਲਗਾ ਕੇ ਬਾਹਰ ਜਾਂਦੇ ਹਨ ਅਤੇ ਕਿਵੇਂ ਏਜੰਟ ਉਨ੍ਹਾਂ ਨੂੰ ਬੇਵਕੂਫ ਬਣਾਉਂਦੇ ਹਨ।
ਇਹ ਫਿਲਮ ਉਨ੍ਹਾਂ ਭਾਰਤੀਆਂ ਦੀ ਜ਼ਿੰਦਗੀ ‘ਤੇ ਆਧਾਰਿਤ ਹੈ, ਜੋ ਵਿਦੇਸ਼ਾਂ ‘ਚ ਕਿਸੇ ਨਾ ਕਿਸੇ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਹਨ, ਚਾਹੇ ਉਹ ਰਸਤਾ ਸਹੀ ਹੋਵੇ ਜਾਂ ਗਲਤ। ਰੋਜ਼ੀ-ਰੋਟੀ ਦੇ ਇਸ ਸੰਘਰਸ਼ ਵਿੱਚ ਦੇਸ਼ ਦੇ ਖ਼ਾਸਕਰ ਪੰਜਾਬੀ ਨੌਜਵਾਨ ਮੈਕਸੀਕੋ ਦੇ ਜੰਗਲਾਂ ਵਿੱਚ ਫਸ ਕੇ ਆਪਣੀਆਂ ਜਾਨਾਂ ਵੀ ਗੁਆ ਚੁੱਕੇ ਹਨ, ਕੁਝ ਆਪਣੇ ਘਰਾਂ ਨੂੰ ਪਰਤਣ ਵਿੱਚ ਕਾਮਯਾਬ ਹੋ ਗਏ ਅਤੇ ਕੁਝ ਕਦੇ ਵਾਪਸ ਨਹੀਂ ਪਰਤੇ।