ਆਂਧਰਾ ਪ੍ਰਦੇਸ਼ ‘ਚ ਐਤਵਾਰ ਨੂੰ ਦੋ ਟਰੇਨਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ ‘ਚ ਹੁਣ ਤੱਕ 13 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ। ਇਹ ਹਾਦਸਾ ਆਂਧਰਾ ਪ੍ਰਦੇਸ਼ ਦੇ ਵਿਜਿਆਨਗਰਮ ਜ਼ਿਲ੍ਹੇ ਦੇ ਕਾਂਤਾਕਾਪਲੀ ਅਤੇ ਅਲਮਾਂਡਾ ਸਟੇਸ਼ਨਾਂ ਵਿਚਕਾਰ ਵਾਪਰਿਆ, ਜਿਸ ਵਿੱਚ ਸੈਂਕੜੇ ਯਾਤਰੀ ਜ਼ਖ਼ਮੀ ਹੋ ਗਏ ਹਨ।
ਈਸਟ ਕੋਸਟ ਰੇਲਵੇ ਦੇ ਸੀਪੀਆਰਓ ਵਿਸ਼ਵਜੀਤ ਸਾਹੂ ਨੇ ਦੱਸਿਆ ਕਿ ਮੌਜੂਦਾ ਅੰਕੜਿਆਂ ਮੁਤਾਬਕ 13 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 29 ਲੋਕ ਜ਼ਖ਼ਮੀ ਹੋਏ ਹਨ।
ਜਾਣਕਾਰੀ ਮੁਤਾਬਕ ਓਡੀਸ਼ਾ ਵੱਲ ਆ ਰਹੀਆਂ ਦੋ ਯਾਤਰੀ ਟਰੇਨਾਂ ਦੀ ਇਕ ਹੀ ਟ੍ਰੈਕ ‘ਤੇ ਟੱਕਰ ਹੋ ਗਈ ਹੈ। ਹਾਦਸੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਟੱਕਰ ਤੋਂ ਬਾਅਦ ਯਾਤਰੀ ਟਰੇਨਾਂ ਦੇ ਡੱਬੇ ਖਿੱਲਰ ਗਏ ਅਤੇ ਦੂਜੇ ਟ੍ਰੈਕ ‘ਤੇ ਜਾ ਡਿੱਗੇ। ਇਸ ਦੇ ਨਾਲ ਹੀ ਦੂਜੇ ਟ੍ਰੈਕ ‘ਤੇ ਆ ਰਹੀ ਮਾਲ ਗੱਡੀ ਨਾਲ ਯਾਤਰੀ ਟਰੇਨ ਦੇ ਡੱਬੇ ਟਕਰਾ ਗਏ।