ਸਲੋਕੁ ਮਃ ੩ ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥ ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ ॥ ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ ॥ ਇਸੁ ਜਗ ਮਹਿ ਨਾਮੁ ਅਲਭੁ ਹੈ ਗੁਰਮੁਖਿ ਵਸੈ ਮਨਿ ਆਇ ॥ ਨਾਨਕ ਜੋ ਗੁਰੁ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਉ ॥੧॥ ਮਃ ੩ ॥ ਮਨਮੁਖ ਮੰਨੁ ਅਜਿਤੁ ਹੈ ਦੂਜੈ ਲਗੈ ਜਾਇ ॥ ਤਿਸ ਨੋ ਸੁਖੁ ਸੁਪਨੈ ਨਹੀ ਦੁਖੇ ਦੁਖਿ ਵਿਹਾਇ ॥ ਘਰਿ ਘਰਿ ਪੜਿ ਪੜਿ ਪੰਡਿਤ ਥਕੇ ਸਿਧ ਸਮਾਧਿ ਲਗਾਇ ॥ ਇਹੁ ਮਨੁ ਵਸਿ ਨ ਆਵਈ ਥਕੇ ਕਰਮ ਕਮਾਇ ॥ ਭੇਖਧਾਰੀ ਭੇਖ ਕਰਿ ਥਕੇ ਅਠਿਸਠਿ ਤੀਰਥ ਨਾਇ ॥
ਅਰਥ : ਜੇ ਕੋਈ ਮਨੁੱਖ ਚਿੱਤ ਲਗਾ ਕੇ ਸੇਵਾ ਕਰੇ, ਤਾਂ ਸਤਿਗੁਰੂ ਦੀ (ਦੱਸੀ) ਸੇਵਾ ਜ਼ਰੂਰ ਫਲ ਲਾਂਦੀ ਹੈ; ਮਨ-ਇੱਛਿਆ ਫਲ ਮਿਲਦਾ ਹੈ, ਅਹੰਕਾਰ ਮਨ ਵਿਚੋਂ ਦੂਰ ਹੁੰਦਾ ਹੈ; (ਗੁਰੂ ਦੀ ਦੱਸੀ ਕਾਰ ਮਾਇਆ ਦੇ) ਬੰਧਨਾਂ ਨੂੰ ਤੋੜਦੀ ਹੈ (ਬੰਧਨਾਂ ਤੋਂ) ਖ਼ਲਾਸੀ ਹੋ ਜਾਂਦੀ ਹੈ ਤੇ ਸੱਚੇ ਹਰੀ ਵਿਚ ਮਨੁੱਖ ਸਮਾਇਆ ਰਹਿੰਦਾ ਹੈ। ਇਸ ਸੰਸਾਰ ਵਿਚ ਹਰੀ ਦਾ ਨਾਮ ਦੁਰਲੱਭ ਹੈ, ਸਤਿਗੁਰੂ ਦੇ ਸਨਮੁਖ ਮਨੁੱਖ ਦੇ ਮਨ ਵਿਚ ਆ ਕੇ ਵੱਸਦਾ ਹੈ; ॥੧॥ ਹੇ ਨਾਨਕ! ਮੈਂ ਸਦਕੇ ਹਾਂ ਉਹਨਾਂ ਤੋਂ ਜੋ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ॥੧॥ ਮਨਮੁਖ ਦਾ ਮਨ ਉਸ ਦੇ ਕਾਬੂ ਤੋਂ ਬਾਹਰ ਹੈ, ਕਿਉਂਕਿ ਉਹ ਮਾਇਆ ਵਿਚ ਜਾ ਕੇ ਲੱਗਾ ਹੋਇਆ ਹੈ; (ਸਿੱਟਾ ਇਹ ਕਿ) ਉਸ ਨੂੰ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ, (ਉਸ ਦੀ ਉਮਰ) ਸਦਾ ਦੁੱਖ ਵਿਚ ਹੀ ਗੁਜ਼ਰਦੀ ਹੈ। ਅਨੇਕਾਂ ਪੰਡਿਤ ਲੋਕ ਪੜ੍ਹ ਪੜ੍ਹ ਕੇ ਤੇ ਸਿੱਧ ਸਮਾਧੀਆਂ ਲਾ ਲਾ ਕੇ ਥੱਕ ਗਏ ਹਨ, ਕਈ ਕਰਮ ਕਰ ਕੇ ਥੱਕ ਗਏ ਹਨ; (ਪੜ੍ਹਨ ਨਾਲ ਤੇ ਸਮਾਧੀਆਂ ਨਾਲ) ਇਹ ਮਨ ਕਾਬੂ ਨਹੀਂ ਆਉਂਦਾ। ਭੇਖ ਕਰਨ ਵਾਲੇ ਮਨੁੱਖ (ਭਾਵ, ਸਾਧੂ ਲੋਕ) ਕਈ ਭੇਖ ਕਰ ਕੇ ਤੇ ਅਠਾਹਠ ਤੀਰਥਾਂ ਤੇ ਨ੍ਹਾ ਕੇ ਥੱਕ ਗਏ ਹਨ; ਹਉਮੈ ਤੇ ਭਰਮ ਵਿਚ ਭੁੱਲੇ ਹੋਇਆਂ ਨੂੰ ਮਨ ਦੀ ਸਾਰ ਨਹੀਂ ਆਈ।