Monday, December 23, 2024
spot_img

ਅੱਜ ਦਾ ਅੰਮ੍ਰਿਤਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

Must read

ਗੂਜਰੀ ਮਹਲਾ ੫ ॥
ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ॥ ਖਿਨ ਮਹਿ ਥਾਪਿ ਉਥਾਪਨਹਾਰਾ ਆਪਨ ਹਾਥਿ ਮਤਾਤ ॥੧॥ ਸਿਆਨਪ ਕਾਹੂ ਕਾਮਿ ਨ ਆਤ ॥ ਜੋ ਅਨਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ ॥੧॥ ਰਹਾਉ ॥ ਦੇਸੁ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ ॥ ਲਸਕਰ ਨੇਬ ਖਵਾਸ ਸਭ ਤਿਆਗੇ ਜਮ ਪੁਰਿ ਊਠਿ ਸਿਧਾਸ ॥੨॥ ਹੋਇ ਅਨੰਨਿ ਮਨਹਠ ਕੀ ਦ੍ਰਿੜਤਾ ਆਪਸ ਕਉ ਜਾਨਾਤ ॥ ਜੋ ਅਨਿੰਦੁ ਨਿੰਦੁ ਕਰਿ ਛੋਡਿਓ ਸੋਈ ਫਿਰਿ ਫਿਰਿ ਖਾਤ ॥੩॥ ਸਹਜ ਸੁਭਾਇ ਭਏ ਕਿਰਪਾਲਾ ਤਿਸੁ ਜਨ ਕੀ ਕਾਟੀ ਫਾਸ ॥ ਕਹੁ ਨਾਨਕ ਗੁਰੁ ਪੂਰਾ ਭੇਟਿਆ ਪਰਵਾਣੁ ਗਿਰਸਤ ਉਦਾਸ ॥੪॥੪॥੫॥
ਸ਼ੁੱਕਰਵਾਰ, ੨੫ ਕੱਤਕ (ਸੰਮਤ ੫੫੫ ਨਾਨਕਸ਼ਾਹੀ) ੧੦ ਨਵੰਬਰ, ੨੦੨੩ (ਅੰਗ: ੪੯੬)
ਪੰਜਾਬੀ ਵਿਆਖਿਆ:
ਗੂਜਰੀ ਮਹਲਾ ੫ ॥
ਹੇ ਭਾਈ! ਮਨੁੱਖ ਪੱਛਮ ਵਲ ਜਾਣ ਦੀ ਸਲਾਹ ਬਣਾਂਦਾ ਹੈ, ਪਰਮਾਤਮਾ ਉਸ ਨੂੰ ਚੜ੍ਹਦੇ ਪਾਸੇ ਲੈ ਤੁਰਦਾ ਹੈ । ਹੇ ਭਾਈ! ਪਰਮਾਤਮਾ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਤਾਕਤ ਰੱਖਣ ਵਾਲਾ ਹੈ । ਹਰੇਕ ਫ਼ੈਸਲਾ ਉਸ ਨੇ ਆਪਣੇ ਹੱਥ ਵਿਚ ਰੱਖਿਆ ਹੁੰਦਾ ਹੈ ।੧। (ਹੇ ਭਾਈ! ਮਨੁੱਖ ਦੀ ਆਪਣੀ) ਚਤੁਰਾਈ ਕਿਸੇ ਕੰਮ ਨਹੀਂ ਆਉਂਦੀ । ਜੋ ਗੱਲ ਮੇਰੇ ਠਾਕੁਰ ਨੇ ਮਿਥੀ ਹੁੰਦੀ ਹੈ ਉਹੀ ਹੋ ਕੇ ਰਹਿੰਦੀ ਹੈ ।੧।ਰਹਾਉ। (ਵੇਖ, ਹੇ ਭਾਈ!) ਹੋਰ ਦੇਸ ਮੱਲਣ ਤੇ ਧਨ ਇਕੱਠਾ ਕਰਨ ਦੀ ਲਾਲਸਾ ਦੇ ਵਿੱਚ ਹੀ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ, ਫ਼ੌਜਾਂ ਅਹਿਲਕਾਰ ਚੋਬਦਾਰ ਆਦਿਕ ਸਭ ਨੂੰ ਛੱਡ ਕੇ ਉਹ ਪਰਲੋਕ ਵਲ ਤੁਰ ਪੈਂਦਾ ਹੈ । (ਉਸ ਦੀ ਆਪਣੀ ਸਿਆਣਪ ਧਰੀ ਦੀ ਧਰੀ ਰਹਿ ਜਾਂਦੀ ਹੈ) ।੨। (ਦੂਜੇ ਪਾਸੇ ਵੇਖੋ ਉਸ ਦਾ ਹਾਲ ਜੋ ਆਪਣੇ ਵੱਲੋਂ ਦੁਨੀਆ ਛੱਡ ਚੁਕਾ ਹੈ) ਆਪਣੇ ਮਨ ਦੇ ਹਠ ਦੀ ਪਕਿਆਈ ਦੇ ਆਸਰੇ ਮਾਇਆ ਵਾਲਾ ਪਾਸਾ ਛੱਡ ਕੇ (ਗ੍ਰਿਹਸਤ ਤਿਆਗ ਕੇ, ਇਸ ਨੂੰ ਬੜਾ ਸ੍ਰੇਸ਼ਟ ਕੰਮ ਸਮਝ ਕੇ ਤਿਆਗੀ ਬਣਿਆ ਹੋਇਆ ਉਹ ਮਨੁੱਖ) ਆਪਣੇ ਆਪ ਨੂੰ ਵੱਡਾ ਜਤਾਂਦਾ ਹੈ ਇਹ ਗ੍ਰਿਹਸਤ ਨਿੰਦਣ-ਜੋਗ ਨਹੀਂ ਸੀ ਪਰ ਇਸ ਨੂੰ ਨਿੰਦਣ-ਜੋਗ ਮਿਥ ਕੇ ਇਸ ਨੂੰ ਛੱਡ ਦੇਂਦਾ ਹੈ (ਛੱਡ ਕੇ ਭੀ) ਮੁੜ ਮੁੜ (ਗ੍ਰਿਹਸਤੀਆਂ ਪਾਸੋਂ ਹੀ ਲੈ ਲੈ ਕੇ) ਖਾਂਦਾ ਹੈ ।੩। (ਸੋ, ਨਾਹ ਧਨ-ਪਦਾਰਥ ਇਕੱਠਾ ਕਰਨ ਵਾਲੀ ਚਤੁਰਾਈ ਕਿਸੇ ਕੰਮ ਹੈ ਤੇ ਨਾਹ ਹੀ ਤਿਆਗ ਦਾ ਮਾਣ ਕੋਈ ਲਾਭ ਪੁਚਾਂਦਾ ਹੈ) ਉਹ ਪਰਮਾਤਮਾ ਆਪਣੇ ਸੁਭਾਵਿਕ ਪਿਆਰ ਦੀ ਪ੍ਰੇਰਨਾ ਨਾਲ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ ਉਸ ਮਨੁੱਖ ਦੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦੇਂਦਾ ਹੈ । ਹੇ ਨਾਨਕ! ਆਖ—ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਮਾਇਆ ਵਲੋਂ ਨਿਰਮੋਹ ਹੋ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ ।੪।੪।੫।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article