ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ ਅੰਮ੍ਰਿਤਸਰ ਬਟਾਲਾ ਰੋਡ ਦੇ ਪਿੰਡ ਜੇਠੂਵਾਲ ਦੇ ਖੇਤਾਂ ਵਿੱਚੋਂ ਮਿਜ਼ਾਈਲ ਮਿਲੀ ਹੈ। ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ । ਜਾਣਕਾਰੀ ਅਨੁਸਾਰ ਲੋਕਾਂ ਨੇ ਮਿਜ਼ਾਈਲ ਨੂੰ ਸਵੇਰ ਵੇਲੇ ਖੇਤਾਂ ਵਿੱਚ ਦੇਖਿਆ ਅਤੇ ਇਸ ਬਾਰੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਜਿਸ ਮਗਰੋਂ ਪੁਲੀਸ ਮੌਕੇ ‘ਤੇ ਪਹੁੰਚ ਗਈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਿਜ਼ਾਈਲ ਦਾ ਹਿੱਸਾ ਹੈ ਪਰ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਭਾਰਤੀ ਮਿਜ਼ਾਈਲ ਹੈ ਜਾਂ ਪਾਕਿਸਤਾਨੀ ਹੈ।
ਜਾਣਕਾਰੀ ਅਨੁਸਾਰ ਇਹ ਮਿਜ਼ਾਈਲ ਜਿਹੇ ਹਿੱਸੇ ਪੰਜ ਤੋਂ ਛੇ ਫੁੱਟ ਲੰਬੇ ਹਨ। ਰਾਤ ਨੂੰ ਪ੍ਰਸ਼ਾਸਨ ਵੱਲੋਂ 10:30 ਤੋਂ 11 ਵਜੇ ਤੱਕ ਲਾਈਟਾਂ ਬੰਦ ਕਰਕੇ ਬਲੈਕ ਆਊਟ ਦਾ ਅਭਿਆਸ ਕੀਤਾ ਗਿਆ ਸੀ। ਪਰ ਦੇਰ ਰਾਤ ਨੂੰ ਮੁੜ ਲਗਭਗ ਡੇਢ ਵਜੇ ਤੋਂ ਤੜਕੇ ਸਵੇਰ ਤੱਕ ਮੁੜ ਲਾਈਟ ਬੰਦ ਰੱਖੀ ਗਈ ਅਤੇ ਬਲੈਕਆਊਟ ਰਿਹਾ ਹੈ।
ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐਸਐਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਫੋਰੈਂਸਿਕ ਟੀਮਾਂ ਇਸ ਮਿਜ਼ਾਈਲ ਦੀ ਜਾਂਚ ਕਰ ਰਹੀਆਂ ਹਨ। ਲੋਕਾਂ ਨੇ ਦੱਸਿਆ ਕਿ ਨਾ ਤਾਂ ਅਸੀਂ ਕੋਈ ਧਮਾਕੇ ਦੀ ਆਵਾਜ਼ ਸੁਣੀ ਅਤੇ ਨਾ ਹੀ ਇਸ ਦਾ ਖੇਤਾਂ ਵਿੱਚ ਵਿਸਫੋਟ ਹੋਣ ਦਾ ਕੋਈ ਪ੍ਰਭਾਵ ਦੇਖਣ ਨੂੰ ਮਿਲਿਆ। ਲੋਕਾਂ ਵੱਲੋਂ ਬੀਤੀ ਰਾਤ ਲਗਭਗ 1 ਵਜੇ ਕੁਝ ਤੇਜ਼ ਧਮਾਕਿਆਂ ਦੀ ਆਵਾਜ਼ ਸੁਣਨ ਅਤੇ ਤੇਜ ਰੋਸ਼ਨੀ ਦੇਖਣ ਦੇ ਦਾਅਵੇ ਕੀਤੇ ਗਏ ਸਨ ਪਰ ਰਾਤ ਵੇਲੇ ਇਸ ਸਬੰਧ ਵਿੱਚ ਕੋਈ ਜਾਣਕਾਰੀ ਨਹੀਂ ਮਿਲੀ।
ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਅਤੇ ਘਰ ਤੋਂ ਬਾਹਰ ਨਾ ਜਾਣ ਦੇ ਹੁਕਮ ਦਿੱਤੇ ਹਨ, ਅਤੇ ਉਨ੍ਹਾਂ ਨੇ ਲੋਕਾਂ ਨੂੰ ਨਾ ਘਬਰਾਓ ਦੀ ਸਲਾਹ ਦਿੱਤੀ ਹੈ। ਪ੍ਰਸ਼ਾਸਨ ਨੇ ਕਿਹਾ ਕਿ ਆਪਣੇ ਘਰ ਦੇ ਬਾਹਰ ਇਕੱਠੇ ਨਾ ਹੋਵੋ, ਆਪਣੀਆਂ ਘਰ ਦੇ ਬਾਹਰ ਵਾਲੀਆਂ ਲਾਈਟਾਂ ਬੰਦ ਰੱਖੋ।