ਅੰਮ੍ਰਿਤਸਰ, 20 ਜੁਲਾਈ : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਕਰੀਬ 50 ਲੱਖ ਰੁਪਏ ਦਾ ਸੋਨੇ ਦੀਆਂ ਚਾਰ ਚੂੜੀਆਂ ਜ਼ਬਤ ਕੀਤੀਆਂ ਹਨ, ਜਿਸ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਬੀਤੀ ਰਾਤ ਮਿਲਾਨ ਤੋਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰੇ ਸਨ। ਕਸਟਮ ਕਲੀਅਰੈਂਸ ਦੌਰਾਨ ਇੱਕ ਯਾਤਰੀ ਦੇ ਸਮਾਨ ਦੀ ਜਾਂਚ ਕੀਤੀ ਗਈ। ਉਸ ਦੇ ਬੈਗ ਵਿੱਚੋਂ ਸੋਨੇ ਦੀਆਂ ਚਾਰ ਚੂੜੀਆਂ ਬਰਾਮਦ ਹੋਈਆਂ। ਜਾਂਚ ਦੌਰਾਨ ਯਾਤਰੀ ਪੂਰੇ ਦਸਤਾਵੇਜ਼ ਨਹੀਂ ਦਿਖਾ ਸਕਿਆ। ਜਿਸ ਤੋਂ ਬਾਅਦ ਕਸਟਮ ਵਿਭਾਗ ਨੇ ਸੋਨਾ ਜ਼ਬਤ ਕਰ ਲਿਆ ਹੈ।
ਕਸਟਮ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ 24 ਕੈਰੇਟ ਕੱਚੇ ਸੋਨੇ ਨੂੰ 4 ਚੂੜੀਆਂ ਵਿੱਚ ਬਦਲਿਆ ਸੀ। ਜਦੋਂ ਕਸਟਮ ਵਿਭਾਗ ਵੱਲੋਂ ਚੂੜੀਆਂ ਦਾ ਵਜ਼ਨ ਕੀਤਾ ਗਿਆ ਤਾਂ ਉਨ੍ਹਾਂ ਦਾ ਵਜ਼ਨ 672 ਗ੍ਰਾਮ ਪਾਇਆ ਗਿਆ। ਇਸ ਤੋਂ ਬਾਅਦ ਉਹਨਾਂ ਦਾ ਮੁਲਾਂਕਣ ਕੀਤਾ ਗਿਆ, ਜੋ ਕਿ ਕਰੀਬ 50 ਲੱਖ ਰੁਪਏ ਹੈ। ਫਿਲਹਾਲ ਇਹ ਸੋਨਾ ਕਸਟਮ ਐਕਟ, 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ ਹੈ। ਜਦ ਕਿ ਅਗਲੀ ਜਾਂਚ ਅਜੇ ਜਾਰੀ ਹੈ।