ਅੰਮ੍ਰਿਤਸਰ ‘ਚ ਮਜੀਠਾ ਰੋਡ ਬਾਈਪਾਸ ਇਲਾਕੇ ਵਿੱਚ ਇੱਕ ਵੱਡਾ ਧਮਾਕਾ ਹੋਣ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਜਾਣਕਾਰੀ ਅਨੁਸਾਰ, ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਇੱਕ ਨੌਜਵਾਨ ਹੈਂਡਗ੍ਰੇਨੇਡ ਲੈ ਕੇ ਜਾ ਰਿਹਾ ਸੀ। ਧਮਾਕੇ ‘ਚ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਹ ਘਟਨਾ ਸਵੇਰੇ 9:00 ਵਜੇ ਤੋਂ 9:15 ਵਜੇ ਦੇ ਵਿਚਕਾਰ ਵਾਪਰੀ, ਜਦੋਂ ਸਥਾਨਕ ਲੋਕਾਂ ਨੇ ਅਚਾਨਕ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ। ਇਲਾਕਾ ਅਚਾਨਕ ਧੂੰਏਂ ਅਤੇ ਚੀਕਾਂ ਨਾਲ ਗੂੰਜ ਉਠਿਆ। ਚਸ਼ਮਦੀਦਾਂ ਅਨੁਸਾਰ, ਇੱਕ ਵਿਅਕਤੀ ਜ਼ਮੀਨ ‘ਤੇ ਝੁਲਸਦਾ ਦੇਖਿਆ ਗਿਆ ਜਿਸਦੇ ਹੱਥਾਂ ਅਤੇ ਸਰੀਰ ‘ਤੇ ਗੰਭੀਰ ਸੱਟਾਂ ਲੱਗੀਆਂ ਸਨ। ਬਾਅਦ ਵਿੱਚ ਪੁਸ਼ਟੀ ਹੋਈ ਕਿ ਉਹ ਵਿਅਕਤੀ ਹੈਂਡਗ੍ਰੇਨ ਲੈ ਕੇ ਜਾ ਰਿਹਾ ਸੀ, ਜੋ ਉਸਦੇ ਨੇੜੇ ਫਟ ਗਿਆ।
ਅਜੇ ਤੱਕ, ਇਹ ਸਪੱਸ਼ਟ ਨਹੀਂ ਹੈ ਕਿ ਜ਼ਖਮੀ ਨੌਜਵਾਨ ਪੈਦਲ ਸੀ ਜਾਂ ਕਿਸੇ ਵਾਹਨ ਵਿੱਚ ਆਇਆ ਸੀ। ਪੁਲਿਸ ਜਾਂਚ ਕਰ ਰਹੀ ਹੈ ਕਿ ਵਿਅਕਤੀ ਗ੍ਰਨੇਡ ਲੈ ਕੇ ਕਿੱਥੇ ਜਾ ਰਿਹਾ ਸੀ ਅਤੇ ਕਿਸ ਮਕਸਦ ਲਈ। ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਕੀ ਇਹ ਧਮਾਕਾ ਅਚਾਨਕ ਹੋਇਆ ਹੈ ਜਾਂ ਇਸਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ।