ਯਮਨ ਦੇ ਉੱਤਰੀ ਸਾਦਾ ਸੂਬੇ ਵਿੱਚ ਅੱਜ ਸੋਮਵਾਰ ਨੂੰ ਹੋਏ ਅਮਰੀਕੀ ਹਮਲੇ ਵਿੱਚ 68 ਲੋਕ ਮਾਰੇ ਗਏ। ਇਹ ਹਮਲਾ ਅਫਰੀਕੀ ਪ੍ਰਵਾਸੀਆਂ ਨੂੰ ਰੱਖਣ ਵਾਲੇ ਇੱਕ ਨਜ਼ਰਬੰਦੀ ਕੇਂਦਰ ‘ਤੇ ਕੀਤਾ ਗਿਆ ਸੀ।
ਰਿਪੋਰਟਾਂ ਅਨੁਸਾਰ ਇਸ ਜੇਲ੍ਹ ਵਿੱਚ 115 ਕੈਦੀ ਸਨ, ਜਿਨ੍ਹਾਂ ਵਿੱਚੋਂ 47 ਜ਼ਖਮੀ ਹੋਏ ਸਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਯਮਨ ਦੇ ਅਲ ਮਸੀਰਾਹ ਟੀਵੀ ਦੁਆਰਾ ਜਾਰੀ ਕੀਤੇ ਗਏ ਹਮਲੇ ਦੀ ਫੁਟੇਜ ਵਿੱਚ ਸਾਦਾ ਵਿੱਚ ਨਜ਼ਰਬੰਦੀ ਕੇਂਦਰ ‘ਤੇ ਬੰਬ ਧਮਾਕੇ ਤੋਂ ਬਾਅਦ ਮਲਬੇ ਵਿੱਚ ਕਈ ਲਾਸ਼ਾਂ ਪਈਆਂ ਦਿਖਾਈ ਦਿੱਤੀਆਂ।
ਸਾਦਾ ਦੇ ਜਨਰਲ ਰਿਪਬਲਿਕਨ ਹਸਪਤਾਲ ਨੇ ਟੈਲੀਗ੍ਰਾਮ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਦਰਜਨਾਂ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਘੱਟੋ-ਘੱਟ 50 ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਇਸ ਹਮਲੇ ਸਬੰਧੀ ਅਮਰੀਕੀ ਫੌਜ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਹਾਲਾਂਕਿ, ਹਮਲੇ ਦੀ ਖ਼ਬਰ ਸਾਹਮਣੇ ਆਉਣ ਤੋਂ ਪਹਿਲਾਂ, ਯੂਐਸ ਸੈਂਟਰਲ ਕਮਾਂਡ (ਸੈਂਟਕਾਮ) ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਹ ਆਪਣੇ ਹਵਾਈ ਹਮਲੇ ਦੇ ਮਿਸ਼ਨ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕਰਨਗੇ।