ਅਮਰੀਕਾ ਨੇ ਈਰਾਨ ਦੇ ਪੈਟਰੋਲੀਅਮ ਅਤੇ ਪੈਟਰੋਕੈਮੀਕਲ ਉਦਯੋਗ ਵਿੱਚ ਕਥਿਤ ਸ਼ਮੂਲੀਅਤ ਲਈ ਚਾਰ ਭਾਰਤੀ ਕੰਪਨੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਐਲਾਨ ਅਮਰੀਕੀ ਖਜ਼ਾਨਾ ਵਿਭਾਗ ਵੱਲੋਂ ਕੀਤਾ ਗਿਆ। ਇਹ ਕਦਮ ਈਰਾਨ ਦੇ ਤੇਲ ਵਪਾਰ ‘ਤੇ ਦਬਾਅ ਪਾਉਣ ਦੀ ਅਮਰੀਕਾ ਦੀ ਰਣਨੀਤੀ ਦਾ ਹਿੱਸਾ ਹੈ। ਅਮਰੀਕੀ ਖਜ਼ਾਨਾ ਵਿਭਾਗ ਵੱਲੋਂ ਜਾਰੀ ਇੱਕ ਬਿਆਨ ਦੇ ਅਨੁਸਾਰ, ਪਾਬੰਦੀਸ਼ੁਦਾ ਭਾਰਤੀ ਕੰਪਨੀਆਂ ਆਸਟਿਨਸ਼ਿਪ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ, ਬੀਐਸਐਮ ਮਰੀਨ ਐਲਐਲਪੀ, ਕੌਸਮੌਸ ਲਾਈਨਜ਼ ਇੰਕ ਅਤੇ ਫਲਕਸ ਮੈਰੀਟਾਈਮ ਐਲਐਲਪੀ ਹਨ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਵਿਦੇਸ਼ ਵਿਭਾਗ ਨੇ ਈਰਾਨ ਦੇ ਪੈਟਰੋਲੀਅਮ ਅਤੇ ਪੈਟਰੋਕੈਮੀਕਲ ਉਦਯੋਗ ਵਿੱਚ ਸ਼ਾਮਲ ਹੋਣ ਲਈ 16 ਕੰਪਨੀਆਂ ਦੀ ਪਛਾਣ ਕੀਤੀ ਹੈ। ਇਨ੍ਹਾਂ ਕੰਪਨੀਆਂ ਵਿਰੁੱਧ ਪਾਬੰਦੀ ਲਗਾਈ ਜਾ ਰਹੀ ਹੈ। ਵਿਦੇਸ਼ ਵਿਭਾਗ ਨੇ ਖਜ਼ਾਨਾ ਵਿਭਾਗ ਦੇ ਵਿਦੇਸ਼ੀ ਸੰਪਤੀਆਂ ਦੇ ਨਿਯੰਤਰਣ ਦਫ਼ਤਰ ਦੇ ਸਹਿਯੋਗ ਨਾਲ, 22 ਵਿਅਕਤੀਆਂ ‘ਤੇ ਪਾਬੰਦੀਆਂ ਵੀ ਲਗਾਈਆਂ ਅਤੇ ਈਰਾਨ ਦੇ ਤੇਲ ਉਦਯੋਗ ਨਾਲ ਸਬੰਧਾਂ ਦੇ ਕਾਰਨ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੇ 13 ਜਹਾਜ਼ਾਂ ਨੂੰ ਪ੍ਰਤੀਬੰਧਿਤ ਸੰਪਤੀਆਂ ਵਜੋਂ ਪਛਾਣਿਆ।
ਇਨ੍ਹਾਂ ਕੰਪਨੀਆਂ ‘ਤੇ ਈਰਾਨੀ ਤੇਲ ਉਤਪਾਦਾਂ ਦੀ ਢੋਆ-ਢੁਆਈ ਵਿੱਚ ਮਦਦ ਕਰਨ ਦਾ ਦੋਸ਼ ਹੈ, ਜਿਸ ਕਾਰਨ ਇਨ੍ਹਾਂ ‘ਤੇ ਅਮਰੀਕੀ ਕਾਨੂੰਨ ਤਹਿਤ ਸਖ਼ਤ ਪਾਬੰਦੀਆਂ ਲੱਗੀਆਂ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕਾ ਨੇ ਈਰਾਨ ਦੇ ਤੇਲ ਵਪਾਰ ਨੂੰ ਨਿਸ਼ਾਨਾ ਬਣਾਇਆ ਹੈ। ਇਸ ਤੋਂ ਪਹਿਲਾਂ 4 ਫਰਵਰੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਰਾਸ਼ਟਰੀ ਸੁਰੱਖਿਆ ਮੈਮੋਰੰਡਮ ਜਾਰੀ ਕੀਤਾ ਸੀ। ਇਸ ਵਿੱਚ ਵੀ ਈਰਾਨ ‘ਤੇ ਦਬਾਅ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਕਾਰਵਾਈ ਤੋਂ ਬਾਅਦ ਅਮਰੀਕਾ ਨੇ ਯੂਏਈ, ਚੀਨ ਅਤੇ ਹਾਂਗਕਾਂਗ ਸਮੇਤ ਕਈ ਦੇਸ਼ਾਂ ਦੇ 30 ਤੋਂ ਵੱਧ ਨਾਗਰਿਕਾਂ ਅਤੇ ਜਹਾਜ਼ਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।