Tuesday, November 28, 2023
spot_img

ਤੰਬਾਕੂ ਰੋਕਥਾਮ ਮੁਹਿੰਮ ਤਹਿਤ ਵੱਖ-ਵੱਖ ਥਾਈਂ ਕੀਤੀ ਜਾ ਰਹੀ ਚੈਕਿੰਗ

Must read

ਐਸ.ਏ.ਐਸ.ਨਗਰ, 21 ਨਵੰਬਰ, 2023 : ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਅਤੇ ਜ਼ਿਲ੍ਹਾ ਤੰਬਾਕੂ ਰੋਕਥਾਮ ਨੋਡਲ ਅਫ਼ਸਰ ਡਾ. ਨਵਦੀਪ ਸਿੰਘ ਨੇ ਦਸਿਆ ਕਿ ਤੰਬਾਕੂ ਰੋਕਥਾਮ ਮੁਹਿੰਮ ਤਹਿਤ ਜ਼ਿਲ੍ਹੇ ’ਚ ਵੱਖ-ਵੱਖ ਥਾਈਂ ਜਿਥੇ ਚੈਕਿੰਗ ਕੀਤੀ ਜਾ ਰਹੀ ਹੈ, ਉਥੇ ਦੁਕਾਨਦਾਰਾਂ/ਰੇਹੜੀ ਫੜ੍ਹੀ ਵਾਲਿਆਂ ਨੂੰ ਨਿਯਮਾਂ ਦੇ ਦਾਇਰੇ ਵਿਚ ਤੰਬਾਕੂ ਪਦਾਰਥ ਵੇਚਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਨੇ ਮੋਹਾਲੀ ਸ਼ਹਿਰ ’ਚ ਏਅਰਪੋਰਟ ਰੋਡ, ਫ਼ੇਜ਼ 6, 7 ਅਤੇ ਬਲੌਂਗੀ ਰੋਡ ’ਤੇ ਦੁਕਾਨਾਂ ਅਤੇ ਰੇਹੜੀਆਂ-ਫੜ੍ਹੀਆਂ ਦੀ ਚੈਕਿੰਗ ਕੀਤੀ ਅਤੇ ਤੰਬਾਕੂ ਰੋਕਥਾਮ ਕਾਨੂੰਨ ਦੀ ਉਲੰਘਣਾ ਕਰ ਕੇ ਤੰਬਾਕੂ ਪਦਾਰਥ ਵੇਚਣ ਦੇ ਦੋਸ਼ ਹੇਠ 25 ਚਾਲਾਨ ਕੀਤੇ।

ਉਨ੍ਹਾਂ ਦਸਿਆ ਕਿ ਟੀਮ ਨੇ ਉਲੰਘਣਾ ਕਰਨ ਵਾਲਿਆਂ ਕੋਲੋਂ 2800 ਰੁਪਏ ਜੁਰਮਾਨਾ ਵੀ ਵਸੂਲ ਕੀਤਾ ਅਤੇ ਭਵਿੱਖ ਵਿਚ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਤੰਬਾਕੂ ਪਦਾਰਥ ਵੇਚਣ ਦੀ ਹਦਾਇਤ ਕੀਤੀ। ਡਾ. ਨਵਦੀਪ ਮੁਤਾਬਕ ਜਾਂਚ ਦੌਰਾਨ ਵੇਖਿਆ ਗਿਆ ਕਿ ਕੁਝ ਥਾਈਂ ਖਾਣ-ਪੀਣ ਦਾ ਸਮਾਨ ਵੇਚਣ ਦੇ ਨਾਲ-ਨਾਲ ਤੰਬਾਕੂ ਪਦਾਰਥ ਵੇਚੇ ਜਾ ਰਹੇ ਸਨ ਜੋ ਕੋਟਪਾ ਕਾਨੂੰਨ ਦੀ ਉਲੰਘਣਾ ਹੈ। ਕੁੱਝ ਥਾਈਂ ਚੇਤਾਵਨੀ ਰਹਿਤ ਇੰਪੋਰਟਡ ਸਿਗਰਟਾਂ, ਖ਼ੁਸ਼ਬੂਦਾਰ ਤੰਬਾਕੂ ਪਦਾਰਥ ਅਤੇ ਖੁਲ੍ਹੀਆਂ ਸਿਗਰਟਾਂ ਵੇਚੀਆਂ ਜਾ ਰਹੀਆਂ ਸਨ।

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦਾ ਜ਼ਿਲ੍ਹਾ ਤੰਬਾਕੂ ਵਿਰੋਧੀ ਸੈੱਲ ਜਿਥੇ ਲਗਾਤਾਰ ਚਾਲਾਨ ਅਤੇ ਜੁਰਮਾਨੇ ਦੀ ਕਾਰਵਾਈ ਕਰ ਰਿਹਾ ਹੈ, ਉਥੇ ਨਾਲੋ-ਨਾਲ ਲੋਕਾਂ ਨੂੰ ਤੰਬਾਕੂ ਦੀਵਰਤੋਂ ਦੇ ਨੁਕਸਾਨਾਂ ਅਤੇ ਤੰਬਾਕੂ ਵਿਰੋਧੀ ਕਾਨੂੰਨ ਬਾਰੇ ਵੀ ਜਾਗਰੂਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਂਚ-ਪੜਤਾਲ ਦਾ ਮੰਤਵ ਦੁਕਾਨਦਾਰਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਨਹੀਂ ਸਗੋਂ ਉਨ੍ਹਾਂ ਨੂੰ ਦਸਣਾ ਹੈ ਕਿ ਕੋਟਪਾ ਕਾਨੂੰਨ ਦੀ ਪਾਲਣਾ ਕਰਦਿਆਂ ਤੰਬਾਕੂ ਪਦਾਰਥ ਵੇਚੇ ਜਾਣ।

ਚਾਲਾਨ ਦੀ ਕਾਰਵਾਈ ਕਰਦਿਆਂ ਦੁਕਾਦਾਰਾਂ ਅਤੇ ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਕੋਟਪਾ ਕਾਨੂੰਨ ਬਾਰੇ ਜਾਣਕਾਰੀ ਦਿਤੀ ਗਈ। ਅਧਿਕਾਰੀਆਂ ਨੇ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜਿਥੇ ਕਿਤੇ ਵੀ ਤੰਬਾਕੂ ਰੋਕਥਾਮ ਕਾਨੂੰਨ ਦੀ ਉਲੰਘਣਾ ਕਰਦਿਆਂ ਤੰਬਾਕੂ ਪਦਾਰਥ ਵੇਚੇ ਜਾ ਰਹੇ ਹਨ ਤਾਂ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਤਾਕਿ ਬਣਦੀ ਕਾਰਵਾਈ ਕੀਤੀ ਜਾ ਸਕੇ। ਸਿਹਤ ਵਿਭਾਗ ਦੀ ਹੈਲਪਲਾਈਨ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਚੈਕਿੰਗ ਟੀਮ ਵਿਚ ਨਾਨ-ਮੈਡੀਕਲ ਅਫ਼ਸਰ ਗੁਰਜਿੰਦਰ ਸਿੰਘ ਤੇ ਹੋਰ ਅਧਿਕਾਰੀ ਸ਼ਾਮਲ ਸਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article